ਹੈਮਿਲਟਨ : ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦੀ ਕੌਮੀ ਕਨਵੈਨਸ਼ਨ ਵਿਚ ਲਿਬਰਲ ਪਾਰਟੀ ਨਾਲੋਂ ਤੋੜ-ਵਿਛੋੜੇ ਦੀ ਉਠੀ ਮੰਗ ਨੇ ਕੈਨੇਡਾ ਦਾ ਸਿਆਸੀ ਮਾਹੌਲ ਭਖਾ ਦਿਤਾ ਹੈ। ਪਾਰਟੀ ਡੈਲੀਗੇਟਾਂ ਨੇ ਮਤਾ ਪਾਸ ਕਰਦਿਆਂ ਜਗਮੀਤ ਸਿੰਘ ਨੂੰ ਸੱਦਾ ਦਿਤਾ ਹੈ ਕਿ ਯੂਨੀਵਰਸਲ ਫਾਰਮਾਕੇਅਰ ਦਾ ਵਾਅਦਾ ਪੂਰਾ ਨਾ ਹੋਣ ਦੀ ਸੂਰਤ ਵਿਚ ਰਾਹ ਵੱਖਰੇ ਕਰ ਲਏ ਜਾਣ।
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਕਿ ਅਜਿਹੀ ਕੋਈ ਵੀ ਨੌਬਤ ਕੈਨੇਡਾ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਪੈਦਾ ਕਰ ਸਕਦੀ ਹੈ। ਦੱਸ ਦੇਈਏ ਕਿ ਲਿਬਰਲ ਪਾਰਟੀ ਵੱਲੋਂ ਪੇਸ਼ ਫਾਰਮਾਕੇਅਰ ਬਿਲ ਦਾ ਪਹਿਲਾ ਖਰੜਾ ਨਿਊ ਡੈਮੋਕ੍ਰੈਟਸ ਰੱਦ ਕਰ ਚੁੱਕੇ ਹਨ ਅਤੇ ਸਾਫ਼ ਸ਼ਬਦਾਂ ਵਿਚ ਆਖ ਦਿਤਾ ਗਿਆ ਹੈ ਕਿ ਇਕਹਿਰੀ ਅਦਾਇਗੀ ਵਾਲਾ ਫਾਰਮਾਕੇਅਰ ਲਿਆਂਦਾ ਜਾਵੇ। ਮਤੇ ਦੀ ਜ਼ੋਰਦਾਰ ਹਮਾਇਤ ਕਰਨ ਵਾਲੇ ਐਨ.ਡੀ.ਪੀ. ਡੈਲੀਗੇਟ ਮਾਈਕ ਬਲੈਸਕੀ ਨੇ ਕਿਹਾ ਕਿ ਫ਼ਾਰਮਾਕੇਅਰ ਬਿਲ ਦਾ ਪਹਿਲਾ ਖਰੜਾ ਸਿੰਗਲ ਪੇਅਰ ਪਬਲਿਕ ਸਿਸਟਮ ਦਾ ਵਾਅਦਾ ਨਹੀਂ ਕਰਦਾ ਜਿਸ ਦੇ ਮੱਦੇਨਜ਼ਰ ਇਸ ਨੂੰ ਰੱਦ ਕਰ ਦਿਤਾ ਗਿਆ। ਪਾਰਟੀ ਦੇ ਸਿਹਤ ਮਾਮਲਿਆਂ ਦੇ ਆਲੋਚਕ ਡੌਲ ਡੇਵੀਜ਼ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਚੁੱਕੇ ਹਾਂ ਅਤੇ ਜੇ ਫਿਰ ਵੀ ਗੱਲ ਨਹੀਂ ਬਣਦੀ ਤਾਂ ਐਨ.ਡੀ.ਪੀ. ਆਗੂ ਨੂੰ ਤੋੜ ਵਿਛੋੜਾ ਕਰਨਾ ਦਾ ਸੱਦਾ ਦਿਤਾ ਜਾ ਚੁੱਕਾ ਹੈ।
ਇਕ ਵਾਰ ਫਿਰ ਐਨ.ਡੀ.ਪੀ. ਅਤੇ ਸੱਤਾਧਾਰੀ ਲਿਬਰਲ ਪਾਰਟੀ ਵਿਚਾਲੇ ਲਕੀਰ ਖਿੱਚੀ ਜਾ ਚੁੱਕੀ ਹੈ ਅਤੇ ਹੁਣ ਨਵੇਂ ਸਿਰੇ ਤੋਂ ਤਿਆਰ ਹੋਣ ਵਾਲਾ ਫਾਰਮਾਕੇਅਰ ਦਾ ਖਰੜਾ ਹੀ ਭਵਿੱਖ ਦੀ ਸਿਆਸਤ ਤੈਅ ਕਰੇਗਾ।