ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਹੈੱਡਕੁਆਰਟਰ ‘ਤੇ ਸੀ.ਬੀ.ਆਈ. (CBI) ਨੇ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮਲੋਟ ਦੀ ਕ੍ਰਿਸ਼ਨਾ ਕਲੋਨੀ ਦੇ ਰਹਿਣ ਵਾਲੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਦੇ ਘਰ ਵੀ ਟੀਮ ਨੇ ਰੇਡ ਕੀਤੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਾਮਲਾ 25 ਲੱਖ ਰੁਪਏ ਦੀ ਰਿਸ਼ਵਤ ਮੰਗਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸੀ.ਬੀ.ਆਈ. ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੇਰ ਰਾਤ ਤੱਕ ਪੁਲਿਸ ਟੀਮਾਂ ਉੱਥੇ ਕਾਰਵਾਈ ਵਿੱਚ ਜੁਟੀਆਂ ਰਹੀਆਂ।
ਮੀਡੀਆ ਰਿਪੋਰਟਾਂ ਅਨੁਸਾਰ ਸੀਬੀਆਈ ਨੇ ਚੰਡੀਗੜ੍ਹ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਛਾਪਾ ਮਾਰਿਆ, ਜਿੱਥੇ ਸੀਨੀਅਰ ਵਿਜੀਲੈਂਸ ਅਧਿਕਾਰੀ ਦਾ ਰੀਡਰ ਓ.ਪੀ. ਰਾਣਾ ਅਤੇ ਵਿਚੋਲੇ ਰਾਘਵ ਗੋਇਲ ਤੇ ਵਿਕਾਸ ਗੋਇਲ ਕਥਿਤ ਤੌਰ ‘ਤੇ ਇੱਕ ਸ਼ਿਕਾਇਤਕਰਤਾ ਨਾਲ ਸੌਦਾ ਕਰ ਰਹੇ ਸਨ।ਇਹ ਸੌਦਾ 25 ਲੱਖ ਰੁਪਏ ਦਾ ਸੀ, ਪਰ ਸ਼ਿਕਾਇਤਕਰਤਾ 13 ਲੱਖ ਰੁਪਏ ਲੈ ਕੇ ਆਇਆ ਸੀ, ਜੋ ਕਿ ਬਰਾਮਦ ਕਰ ਲਏ ਗਏ ਹਨ।
CBI ਵੱਲੋਂ ਰਾਘਵ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੁਕਤਸਰ ਦੇ ਮਲੋਟ ਦਾ ਰਹਿਣ ਵਾਲਾ ਹੈ ਅਤੇ ਵਿਜੀਲੈਂਸ ਅਧਿਕਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਸੀ.ਬੀ.ਆਈ. ਅਧਿਕਾਰੀਆਂ ਅਨੁਸਾਰ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਓ.ਪੀ. ਰਾਣਾ ਅਤੇ ਰਾਘਵ ਗੋਇਲ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ‘ਚ ਕਈ ਅਧਿਕਾਰੀਆਂ ਅਤੇ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।














