ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਲਗਾਤਾਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਮਾਨਸਾ ਵਿੱਚ ਅੱਜ ਇੱਕ ਵਾਰ ਫਿਰ ਸੀਬੀਆਈ ਦੀ ਟੀਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਵਾਲੀ ਦੁਕਾਨ ‘ਤੇ ਪਹੁੰਚੀ, ਜਿੱਥੇ ਟੀਮ ਵੱਲੋਂ ਮਲਬੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਸੀਬੀਆਈ ਟੀਮ ਦੀ ਮੌਜੂਦਗੀ ਵਿੱਚ ਦੁਕਾਨ ਦੇ ਮਲਬੇ ਨੂੰ ਟਰਾਲੀ ਵਿੱਚ ਭਰਵਾਇਆ ਗਿਆ। ਜਾਂਚ ਟੀਮ ਵੱਲੋਂ ਮਲਬੇ ਨੂੰ ਹਟਾਉਣ ਦੀ ਪੂਰੀ ਪ੍ਰਕਿਰਿਆ ‘ਤੇ ਨਜ਼ਰ ਰੱਖੀ ਗਈ ਅਤੇ ਇਸ ਵਿੱਚੋਂ ਕਤਲ ਮਾਮਲੇ ਨਾਲ ਜੁੜੇ ਕਿਸੇ ਅਹਿਮ ਸਬੂਤ ਜਾਂ ਸੁਰਾਗ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 13 ਅਕਤੂਬਰ 2026 ਨੂੰ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ‘ਤੇ ਗੋਲੀ ਚਲਾਉਣ ਦੇ ਦੋਸ਼ ਲੱਗੇ ਸਨ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਇਸ ਮਾਮਲੇ ਵਿੱਚ ਪਰਿਵਾਰ ਅਤੇ ਇਨਸਾਫ਼ ਕਮੇਟੀ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਅਤੇ ਹੁਣ ਕੇਂਦਰੀ ਜਾਂਚ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਮੈਡੀਕਲ ਸਟੋਰ ਦੀ ਇਮਾਰਤ ਨੂੰ ਢਾਹ ਦਿੱਤਾ ਗਿਆ ਸੀ। ਹੁਣ ਉਸੇ ਮਲਬੇ ਵਿੱਚੋਂ ਸੀਬੀਆਈ ਵੱਲੋਂ ਅਹਿਮ ਸਬੂਤ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸਵਾਲ ਇਹ ਹੈ ਕਿ ਕੀ ਇਸ ਮਲਬੇ ਵਿੱਚੋਂ ਸੀਬੀਆਈ ਦੇ ਹੱਥ ਕੋਈ ਅਹਿਮ ਸੁਰਾਗ ਲੱਗਦਾ ਹੈ? ਇਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।














