ਰਿਚਮੰਡ ਹਿੱਲ : ਅਮਰੀਕਾ ’ਚ ਸਿੱਖਾਂ ਵਿਰੁਧ ਨਫ਼ਰਤੀ ਹਿੰਸਾ ਦੇ ਮਾਮਲੇ ਜਾਰੀ ਹਨ। ਤਾਜ਼ਾ ਮਾਮਲੇ ’ਚ ਨਿਊਯਾਰਕ ਦੀ ਇਕ ਬੱਸ ’ਚ ਸਫ਼ਰ ਰਹੇ ਸਿੱਖ ਨੌਜੁਆਨ ਨੂੰ ਇਸ ਨਫ਼ਰਤੀ ਹਿੰਸਾ ਦਾ ਸਾਹਮਣਾ ਕਰਨਾ ਪਿਆ।

ਪੁਲਿਸ ਅਨੁਸਾਰ ਸਿੱਖ ਨੌਜੁਆਨ ਅਤੇ ਹਮਲਾਵਰ ਦੋਵੇਂ ਰਿਚਮੰਡ ਹਿੱਲ ’ਚ ਇਕ ਹੀ ਸ਼ਟਲ ਬੱਸ ’ਚ ਸਵੇਰੇ 9 ਵਜੇ ਸਫ਼ਰ ਕਰ ਰਹੇ ਸਨ ਜਦੋਂ ਸ਼ੱਕੀ ਵਿਅਕਤੀ 19 ਸਾਲਾਂ ਦੇ ਪੀੜਤ ਕੋਲ ਆਇਆ ਅਤੇ ਉਸ ਦੀ ਪੱਗ ਵਲ ਇਸ਼ਾਰਾ ਕਰਦਿਆਂ ਕਿਹਾ, ‘‘ਅਸੀਂ ਇਸ ਦੇਸ਼ ’ਚ ਇਹ ਨਹੀਂ ਪਹਿਨਦੇ, ਉਤਾਰ ਇਸ ਨੂੰ।’’ ਫਿਰ ਉਸ ਨੇ ਸਿੱਖ ਨੌਜੁਆਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ।

ਇਹ ਸਭ ਕਰਨ ਤੋਂ ਬਾਅਦ ਵੀ ਸ਼ੱਕੀ ਬੱਸ ’ਚੋਂ ਉਤਰ ਕੇ ਭੱਜਣ ’ਚ ਸਫ਼ਲ ਰਿਹਾ। ਪੀੜਤ ਸਿੱਖ ਨੇ ਮੌਕੇ ’ਤੇ ਅਪਣੀਆਂ ਸੱਟਾਂ ਦਾ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿਤਾ। ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਨਿਊਯਾਰਕ ਪੁਲਿਸ ਦੀ ਨਫ਼ਰਤੀ ਜੁਰਮ ਇਕਾਈ ਇਸ ਦੀ ਜਾਂਚ ਕਰ ਰਹੀ ਹੈ।