ਅੰਮ੍ਰਿਤਸਰ: ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਫੋਰਟਿਸ ਐਸਕਾਰਟਸ ਹਸਪਤਾਲ ਦੇ ਚਾਰ ਡਾਕਟਰਾਂ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਇਹ ਮਾਮਲਾ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ।
ਵਰਿੰਦਰ ਘੁੰਮਣ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਘੁੰਮਣ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਸਰਜਰੀ ਹੋਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਰਜਰੀ ਦੌਰਾਨ ਉਸਦੀ ਸਿਹਤ ਅਚਾਨਕ ਵਿਗੜ ਗਈ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਪਰਿਵਾਰ ਨੇ ਇਲਾਜ ਵਿੱਚ ਲਾਪਰਵਾਹੀ ਅਤੇ ਡਾਕਟਰੀ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ। ਘਟਨਾ ਤੋਂ ਬਾਅਦ ਇੱਕ ਐਸਆਈਟੀ ਬਣਾਈ ਗਈ ਸੀ, ਜਿਸ ‘ਚ ਜਾਂਚ ਦੌਰਾਨ ਚਾਰ ਡਾਕਟਰਾਂ ਨੂੰ ਦੋਸ਼ੀ ਪਾਇਆ ਗਿਆ।
ਇਸ ਮਾਮਲੇ ਵਿੱਚ ਨਾਮਜ਼ਦ ਡਾਕਟਰਾਂ ਵਿੱਚ ਡਾ. ਤਾਪਿਸ਼ ਸ਼ੁਕਲਾ (ਆਰਥੋਪੈਡਿਕ ਸਰਜਨ), ਡਾ. ਅਲਕਾ ਤਿਵਾੜੀ (ਕੰਸਲਟੈਂਟ ਅਨੱਸਥੀਸੀਆ), ਡਾ. ਰਾਜਿੰਦਰ ਕੌਰ (ਮੁਖੀ, ਅਨੱਸਥੀਸੀਆ ਵਿਭਾਗ), ਅਤੇ ਡਾ. ਅਰੁਣ ਕੁਮਾਰ ਚੋਪੜਾ (ਕੰਸਲਟੈਂਟ ਕਾਰਡੀਓਲੋਜੀ) ਸ਼ਾਮਲ ਹਨ। ਸਾਰੇ ਡਾਕਟਰ ਫੋਰਟਿਸ ਐਸਕਾਰਟਸ ਹਸਪਤਾਲ ਅੰਮ੍ਰਿਤਸਰ ਨਾਲ ਜੁੜੇ ਹੋਏ ਹਨ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਾਂਚ ਤੋਂ ਬਾਅਦ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਰੀਜ਼ ਦੇ ਇਲਾਜ ਨਾਲ ਸਬੰਧਤ ਸਾਰੇ ਮੈਡੀਕਲ ਰਿਕਾਰਡ ਜ਼ਬਤ ਕਰ ਲਏ ਗਏ ਹਨ। ਸਰਜਰੀ ਦੌਰਾਨ ਅਪਣਾਈ ਗਈ ਪ੍ਰਕਿਰਿਆ, ਡਾਕਟਰਾਂ ਦੀ ਭੂਮਿਕਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੀ ਆਪ੍ਰੇਸ਼ਨ ਦੌਰਾਨ ਜ਼ਰੂਰੀ ਉਪਕਰਣ, ਵਿਸ਼ੇਸ਼ ਸਟਾਫ ਅਤੇ ਐਮਰਜੈਂਸੀ ਪ੍ਰੋਟੋਕੋਲ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਗਈ ਸੀ ਜਾ ਨਹੀਂ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਡਾਕਟਰੀ ਮਾਹਿਰਾਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਨਾਮਜ਼ਦ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ।














