ਐਡਮਿੰਟਨ : ਕੈਨੇਡੀਅਨ ਨਾਗਰਿਕ ਬਣਨ ਲਈ ਰਾਜਾਸ਼ਾਹੀ ਦੀ ਸਹੁੰ ਚੁੱਕਣ ਦਾ ਵਿਰੋਧ ਕਰਨ ਵਾਲੇ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਐਲਬਰਟਾ ਦੀ ਇਕ ਅਦਾਲਤ ਨੇ ਪ੍ਰਭਜੋਤ ਸਿੰਘ ਦਾ ਦਾਅਵਾ ਰੱਦ ਕਰ ਦਿਤਾ। ਐਡਮਿੰਟਨ ਸ਼ਹਿਰ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਪ੍ਰਭਜੋਤ ਸਿੰਘ ਨੇ ਅੰਮ੍ਰਿਤਧਾਰੀ ਹੋਣ ਦੀ ਦਲੀਲ ਦਿੰਦਿਆਂ ਰਾਜਾਸ਼ਾਹੀ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿਤਾ ਅਤੇ ਆਪਣਾ ਹੱਕ ਹਾਸਲ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਪ੍ਰਭਜੋਤ ਸਿੰਘ ਨੇ ਕਿਹਾ ਕਿ ਖੰਡੇ-ਬਾਟੇ ਦਾ ਅੰਮ੍ਰਿਤ ਛਕਦਿਆਂ ਉਹ ਆਪਣਾ ਆਪ ਅਕਾਲ ਪੁਰਖ ਨੂੰ ਸਮਰਪਿਤ ਕਰ ਚੁੱਕਾ ਹੈ ਅਤੇ ਅਜਿਹੇ ਵਿਚ ਕਿਸੇ ਰਾਜੇ-ਮਹਾਰਾਜੇ ਜਾਂ ਉਸ ਦੇ ਉਤਰਾਧਿਕਾਰੀਆਂ ਪ੍ਰਤੀ ਵਫਾਦਾਰ ਰਹਿਣ ਦੀ ਸਹੁੰ ਨਹੀਂ ਚੁੱਕੀ ਜਾ ਸਕਦੀ। ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਪ੍ਰਭਜੋਤ ਸਿੰਘ ਨੇ ਕਿਹਾ, ‘‘ਮੇਰੇ ਵਾਸਤੇ ਸਭ ਤੋਂ ਪਹਿਲਾਂ ਇਹ ਲਾਜ਼ਮੀ ਹੈ ਕਿ ਬਤੌਰ ਇਨਸਾਨ ਮੈਂ ਕੌਣ ਹਾਂ। ਵਫਾਦਾਰ ਰਹਿਣ ਦੀ ਸਹੁੰ ਚੁੱਕਣ ਵਾਸਤੇ ਮੈਨੂੰ ਉਹ ਸਹੁੰ ਤੋੜਨੀ ਹੋਵੇਗੀ ਜੋ ਮੈਂ ਅਕਾਲ ਪੁਰਖ ਦੇ ਨਾਂ ’ਤੇ ਪਹਿਲਾਂ ਚੁੱਕੀ ਹੈ। ਦੂਜੇ ਪਾਸੇ ਜਸਟਿਸ ਬਾਰਬਰਾ ਜੌਹਨਸਟਨ ਨੇ ਕਿਹਾ ਕਿ ਵਫਾਦਾਰ ਰਹਿਣ ਦੀ ਸਹੁੰ ਢੁਕਵੇਂ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਅਤੇ ਕੈਨੇਡੀਅਨ ਸੰਵਿਧਾਨ ਤੇ ਕਾਨੂੰਨ ਦੇ ਰਾਜ ਨੂੰ ਲਾਗੂ ਕਰਨ ਵਾਸਤੇ ਲਾਜ਼ਮੀ ਹੈ। ਮਹਾਰਾਣੀ ਪ੍ਰਤੀ ਵਫਾਦਾਰ ਰਹਿਣ ਦੀ ਸਹੁੰ ਸਿਰਫ ਕਦਰਾਂ ਕੀਮਤਾਂ ਦੇ ਸੰਕੇਤ ਵਜੋਂ ਹੈ ਨਾਕਿ ਮਹਾਰਾਣੀ ਨੂੰ ਕੋਈ ਧਾਰਮਿਕ ਜਾਂ ਸਿਆਸੀ ਸ਼ਖਸੀਅਤ ਮੰਨਿਆ ਗਿਆ ਹੈ।