ਸਪੇਨ ਦੇ ਨੌਜਵਾਨ ਟੈਨਿਸ ਸਟਾਰ ਕਾਰਲੋਸ ਅਲਕਾਰਜ਼ ਨੇ ਲਗਾਤਾਰ ਦੂਜੇ ਸਾਲ ਵਿੰਬਲਡਨ ਖਿਤਾਬ ਜਿੱਤਿਆ। 21 ਸਾਲਾ ਅਲਕਾਰਜ਼ ਨੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ 7 ਵਾਰ ਦੇ ਚੈਂਪੀਅਨ ਸਰਬੀਆ ਦੇ ਦਿੱਗਜ ਖਿਡਾਰੀ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-2, 6-2, 7-6 (7-4) ਨਾਲ ਹਰਾ ਕੇ ਆਪਣਾ ਚੌਥਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ। ਪਿਛਲੇ ਸਾਲ ਦੇ ਫਾਈਨਲ ਨੂੰ ਦੁਹਰਾਉਂਦੇ ਹੋਏ ਅਲਕਾਰਜ਼ ਨੇ ਇਕ ਵਾਰ ਫਿਰ ਫਾਈਨਲ ਵਿਚ ਜੋਕੋਵਿਚ ਨੂੰ ਹਰਾ ਕੇ 8ਵੀਂ ਵਾਰ ਵਿੰਬਲਡਨ ਜਿੱਤਣ ਤੋਂ ਰੋਕਿਆ। ਅਲਕਾਰਜ਼ ਨੇ ਇਸ ਸਾਲ ਇਹ ਲਗਾਤਾਰ ਦੂਜਾ ਗ੍ਰੈਂਡ ਸਲੈਮ ਜਿੱਤਿਆ ਹੈ। ਪਿਛਲੇ ਮਹੀਨੇ ਹੀ ਉਸ ਨੇ ਪਹਿਲੀ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ।
ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣਾ 37 ਸਾਲਾ ਨੋਵਾਕ ਜੋਕੋਵਿਚ ਲਈ ਇਕ ਵਾਰ ਦੂਰ ਦਾ ਸੁਪਨਾ ਸੀ। 3 ਜੂਨ ਨੂੰ ਫਰੈਂਚ ਓਪਨ ਦੌਰਾਨ ਉਸ ਦੇ ਸੱਜੇ ਗੋਡੇ ‘ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੇ ਟੂਰਨਾਮੈਂਟ ਤੋਂ ਸੰਨਿਆਸ ਲੈ ਲਿਆ ਸੀ। ਫਿਰ 5 ਜੂਨ ਨੂੰ ਉਨ੍ਹਾਂ ਦੇ ਗੋਡੇ ਦੀ ਸਰਜਰੀ ਕਰਨੀ ਪਈ। ਅਜਿਹੇ ‘ਚ ਖੁਦ ਜੋਕੋਵਿਚ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਟੂਰਨਾਮੈਂਟ ‘ਚ ਕੋਈ ਜਿੱਤ ਦਰਜ ਕਰ ਸਕੇਗਾ,ਫਾਈਨਲ ਖੇਡਾਣਾ ਦੂਰ ਦੀ ਗੱਲ ਸੀ। ਫਿਰ ਵੀ ਉਸ ਨੇ ਇਹ ਕਮਾਲ ਕਰ ਕੇ ਦਿਖਾ ਦਿੱਤਾ ਅਤੇ 25ਵਾਂ ਗਰੈਂਡ ਸਲਮ ਜਿੱਤਣ ਦੇ ਵਰਲਡ ਰਿਕਾਰਡ ਦੇ ਕਰੀਬ ਆ ਗਏ ਸਨ।
ਆਖਰਕਾਰ, ਤੰਦਰੁਸਤੀ, ਉਮਰ ਅਤੇ ਸਭ ਤੋਂ ਮਹੱਤਵਪੂਰਨ – 21 ਸਾਲ ਦੇ ਕਾਰਲੋਸ ਅਲਕਾਰਜ਼ ਦੀ ਜ਼ਬਰਦਸਤ ਫਾਰਮ ਜੋਕੋਵਿਚ ਦੇ ਰਿਕਾਰਡ ਦੇ ਰਾਹ ਵਿੱਚ ਆਈ। ਕਿਹਾ ਜਾ ਸਕਦਾ ਹੈ ਕਿ ਮੈਚ ਦੀ ਤਸਵੀਰ ਪਹਿਲੀ ਗੇਮ ਤੋਂ ਹੀ ਸਾਫ਼ ਨਜ਼ਰ ਆ ਰਹੀ ਸੀ, ਜਦੋਂ ਇੱਕ ਨਜ਼ਦੀਕੀ ਮੁਕਾਬਲੇ ਵਿੱਚ ਸਪੈਨਿਸ਼ ਖਿਡਾਰੀ ਨੇ ਜੋਕੋਵਿਚ ਦੀ ਸਰਵਿਸ ਬ੍ਰੇਕ ਕੀਤੀ। ਪਹਿਲੀ ਗੇਮ ਵਿੱਚ, ਡਿਊਸ 7 ਵਾਰ ਹੋਇਆ ਸੀ, ਜਦੋਂ ਕਿ ਬ੍ਰੇਕ ਪੁਆਇੰਟ ਦੀ ਸਥਿਤੀ 5 ਬਣੀ।
ਇਸ ਤੋਂ ਬਾਅਦ ਅਲਕਾਰਜ਼ ਨੇ ਜੋਕੋਵਿਚ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਸੈੱਟ 6-2 ਨਾਲ ਜਿੱਤ ਲਿਆ ਅਤੇ ਅਗਲੇ ਸੈੱਟ ਵਿੱਚ ਵੀ ਇਹੀ ਕਹਾਣੀ ਦੇਖਣ ਨੂੰ ਮਿਲੀ ਅਤੇ ਇਸ ਵਾਰ ਵੀ ਜੋਕੋਵਿਚ ਕੋਲ ਨੌਜਵਾਨ ਖਿਡਾਰੀ ਦੀ ਊਰਜਾ ਦਾ ਕੋਈ ਜਵਾਬ ਨਹੀਂ ਸੀ। ਇਸ ਵਾਰ ਵੀ ਕਾਰਲੋਸ ਅਲਕਾਰਜ਼ ਨੇ ਇਹ ਸੈੱਟ 6-2 ਨਾਲ ਜਿੱਤ ਲਿਆ।