ਟੋਰਾਂਟੋ : ਕੈਨੇਡਾ ਵਾਸੀਆਂ ਨੂੰ ਹੁਣ ਕਾਰ ਬੀਮੇ ਵਾਸਤੇ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਇਕ ਤਾਜ਼ਾ ਰਿਪੋਰਟ ਮੁਤਾਬਕ ਰਾਜਾਂ ਦੇ ਆਧਾਰ ’ਤੇ ਉਨਟਾਰੀਓ ਵਾਸੀ ਸਭ ਤੋਂ ਵੱਧ ਪ੍ਰਭਾਵਤ ਹੋਣਗੇ ਜਦਕਿ ਸ਼ਹਿਰਾਂ ਦੇ ਆਧਾਰ ’ਤੇ ਬਰੈਂਪਟਨ ਵਾਸੀਆਂ ਉਤੇ ਪੈਣ ਵਾਲਾ ਆਰਥਿਕ ਬੋਝ ਸਭ ਤੋਂ ਜ਼ਿਆਦਾ ਹੋ ਸਕਦਾ ਹੈ। ਕੁਲ ਮਿਲਾ ਕੇ ਕਾਰ ਬੀਮਾ 25 ਫੀ ਸਦੀ ਤੱਕ ਮਹਿੰਗਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਮੌਜੂਦਾ ਪ੍ਰੀਮੀਅਮ ਵਿਚ 25 ਫੀ ਸਦੀ ਵਾਧਾ ਹੋਣ ਦੇ ਆਸਾਰ
ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ‘ਰੇਟਸ ਡਾਟ ਸੀ ਏ’ ਦੀ ਰਿਪੋਰਟ ਮੁਤਾਬਕ ਇਸ ਵੇਲੇ ਗਰੇਟਰ ਟੋਰਾਂਟੋ ਏਰੀਆ ਵਿਚ ਇਕ ਗੱਡੀ ਦਾ ਔਸਤ ਪ੍ਰੀਮੀਅਮ 2,391 ਡਾਲਰ ਬਣਦਾ ਹੈ ਅਤੇ 25 ਫੀ ਸਦੀ ਵਾਧੇ ਮਗਰੋਂ ਤਕਰੀਬਨ 600 ਡਾਲਰ ਹੋਰ ਦੇਣੇ ਹੋਣਗੇ। ਉਧਰ ਫਾਇਨੈਂਸ਼ੀਅਲ ਸਰਵਿਸਿਜ਼ ਰੈਗੁਲੇਟਰੀ ਅਥਾਰਟੀ ਆਫ਼ ਉਨਟਾਰੀਓ ਨੇ ਕਿਹਾ ਕਿ ਬੀਮਾ ਦਰਾਂ ਦੇ ਭਾਰੀ ਬੋਝ ਤੋਂ ਕਾਰ ਮਾਲਕਾਂ ਨੂੰ ਬਚਾਉਣ ਲਈ ਕਾਨੂੰਨ ਵਿਚ ਸੋਧ ਕੀਤੀ ਜਾ ਰਹੀ ਹੈ। ‘ਰੇਟਸ ਡਾਟ ਸੀ ਏ’ ਨਾਲ ਸਬੰਧਤ ਬੀਮਾ ਮਾਹਰ ਡੈਨੀਅਲ ਇਵਾਨਜ਼ ਦਾ ਕਹਿਣਾ ਹੈ ਕਿ ਵਿਆਜ ਦਰਾਂ ਉਚੀਆਂ ਹੋਣ ਅਤੇ ਮਹਿੰਗਾਈ ਲਗਾਤਾਰ ਕਾਇਮ ਰਹਿਣ ਕਾਰਨ ਬੀਮਾ ਕੰਪਨੀਆਂ ਨੂੰ ਹਾਦਸਾਗ੍ਰਸਤ ਗੱਡੀਆਂ ਦੇ ਦਾਅਵੇ ਅਦਾ ਕਰਨ ਲਈ ਵੱਧ ਰਕਮ ਦੇਣੀ ਪੈ ਰਹੀ ਹੈ। ਜਦੋਂ ਦਾਅਵਿਆਂ ਦੀ ਰਕਮ ਵਧੇਗੀ ਤਾਂ ਬੀਮਾ ਪ੍ਰੀਮੀਅਮ ਵੀ ਵਧਣਗੇ।