ਬਠਿੰਡਾ -ਪੰਜਾਬ ‘ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ, ਪੰਜਾਬ ‘ਚ ਕੈਂਸਰ ਦੀ ਬਿਮਾਰੀ ਕਾਰਨ ਰੋਜ਼ਾਨਾ 65 ਵਿਅਕਤੀਆਂ ਦੀ ਮੌਤ ਹੁੰਦੀ ਹੈ। ਪੰਜਾਬ ‘ਚ ਕੈਂਸਰ ਪੀੜਤਾਂ ਦੀ ਗਿਣਤੀ ਕੌਮੀ ਔਸਤ ਨਾਲੋਂ ਵੱਧ ਦੱਸੀ ਜਾ ਰਹੀ ਹੈ। ਕੈਂਸਰ ਤੋਂ ਪੀੜਤ ਹਜ਼ਾਰਾਂ ਵਿਅਕਤੀ ਕਾਫ਼ੀ ਲੰਮੇ ਸਮੇਂ ਤੋਂ ਬਿਸਤਰੇ ‘ਤੇ ਹੀ ਪਏ ਹਨ। ਕੈਂਸਰ ਕਰ ਕੇ ਪਿਛਲੇ ਸਾਲ ਪੰਜਾਬ ਵਿਚ 23 ਹਜ਼ਾਰ ਤੋਂ ਵੱਧ ਮੌਤਾਂ ਹੋਣ ਦਾ ਅੰਕੜਾ ਹੈ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਸਾਲ 2012 ਵਿਚ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਸਰਵੇਖਣ ਕਰਵਾਇਆ ਸੀ। ਸਰਵੇਖਣ ‘ਚ ਰੋਜ਼ਾਨਾ 18 ਵਿਅਕਤੀਆਂ ਦੇ ਮਰਨ ਸਬੰਧੀ ਅੰਕੜਾ ਜਾਰੀ ਕੀਤਾ ਗਿਆ ਸੀ ਪਰ 10 ਸਾਲਾਂ ‘ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ।
ਪੰਜਾਬ ਵਿਚ ਕਾਰਪੋਰੇਟ ਘਰਾਣਿਆਂ ਵਲੋਂ ਕੈਂਸਰ /ਮਲਟੀ ਸੁਪਰਸਪੈਸ਼ਲਿਟੀ ਹਸਪਤਾਲ ਖੋਲ੍ਹਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਹਰ ਵੱਡੇ ਸ਼ਹਿਰ ਅੰਦਰ ਕੈਂਸਰ ਹਸਪਤਾਲ ਵੇਖਣ ਨੂੰ ਮਿਲ ਰਹੇ ਹਨ। ਇਹ ਵੀ ਕਿ 2012 ‘ਚ ਕੈਂਸਰ ਸਬੰਧੀ ਪ੍ਰਾਪਤ ਹੋਈ ਰਿਪੋਰਟ ਤੋਂ ਬਾਅਦ ਸੂਬਾ ਸਰਕਾਰ ਨੇ ਪੰਜਾਬ ਖ਼ਾਸ ਕਰ ਮਾਲਵਾ ਪੱਟੀ ਵਿਚ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵੱਡੀ ਗਿਣਤੀ ‘ਚ ਆਰ.ਓ ਪਲਾਂਟ ਲਗਾਏ ਅਤੇ ਕੈਂਸਰ ਪੀੜਤਾਂ ਦੇ ਇਲਾਜ ਲਈ ਉਪਬੰਧ ਵੀ ਕੀਤੇ ਗਏ ਹਨ।
ਇਸ ਦੇ ਬਾਵਜੂਦ ਕੈਂਸਰ ਦੀ ਬਿਮਾਰੀ ਹੋਰ ਪੈਰ ਪਸਾਰ ਰਹੀ ਹੈ। ਪੰਜਾਬ ਵਿਚ ਮਾਨਸਾ, ਬਠਿੰਡਾ, ਮੁਕਤਸਰ, ਬਰਨਾਲਾ ਤੇ ਫਾਜ਼ਿਲਕਾ ਵਿਚ ਕੈਂਸਰ ਸਭ ਤੋਂ ਵੱਧ ਫੈਲਿਆ ਹੈ। ਪੰਜਾਬ ਵਿਚ ਕੈਂਸਰ ਨੇ 1,45,000 ਜਾਨਾਂ ਲਈਆਂ ਜਦੋਂ ਕਿ ਇਨ੍ਹਾਂ ਸਾਲਾਂ ਵਿਚ 2.5 ਲੱਖ ਕੈਂਸਰ ਦੇ ਕੇਸ ਸਾਹਮਣੇ ਆਏ। ਜਾਣਕਾਰੀ ਅਨੁਸਾਰ 2012 ਵਿਚ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ ਔਸਤਨ ਮੌਤਾਂ ਦੀ ਗਿਣਤੀ 18 ਸੀ ਜੋ ਕਿ ਸਾਲ 2014 ਵਿਚ ਵੱਧ ਕੇ 53 ਹੋ ਗਈ। 2017 ਵਿਚ ਇਹ ਗਿਣਤੀ 56 ਅਤੇ ਹੁਣ ਇਹ ਅੰਕੜਾ 65 ਮੌਤਾਂ ਰੋਜ਼ਾਨਾ ‘ਤੇ ਪੁੱਜ ਗਿਆ ਹੈ। ਪੰਜਾਬ ‘ਚ ਕੈਂਸਰ ਦੇ ਨਵੇਂ ਮਰੀਜ਼ਾਂ ਦਾ ਅੰਕੜਾ ਔਸਤਨ 92 ਕੇਸਾਂ ਦਾ ਸੀ, ਪਿਛਲੇ ਸਾਲ ਇਹ ਗਿਣਤੀ 105 ਸੀ।