2 ਭਾਰਤੀਆਂ ਸਣੇ 11 ਜਣੇ ਕੀਤੇ ਗ੍ਰਿਫ਼ਤਾਰ
ਰਿਚਮੰਡ ਹਿਲ : ਕਾਰ ਚੋਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 32 ਲੱਖ ਡਾਲਰ ਮੁੱਲ ਦੀਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। 50 ਤੋਂ ਵੱਧ ਮਹਿੰਗੀਆਂ ਗੱਡੀਆਂ ਨੂੰ ਯੂਰਪ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਘੱਟੋ ਘੱਟ ਦੋ ਭਾਰਤੀ ਦੱਸੇ ਜਾ ਰਹੇ ਹਨ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਦਸੰਬਰ 2023 ਅਤੇ ਜਨਵਰੀ 2024 ਦੌਰਾਨ ਵੌਅਨ, ਟੋਰਾਂਟੋ, ਲੰਡਨ, ਕੈਂਬਰਿਜ ਅਤੇ ਬਰੈਡਫਰਡ ਵਿਖੇ ਛੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ ਅਤੇ 11 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ 96 ਦੋਸ਼ ਆਇਦ ਕੀਤੇ ਗਏ।

ਸ਼ੱਕੀਆਂ ਦੀ ਸ਼ਨਾਖਤ ਸਕਾਰਬ੍ਰੋਅ ਦੇ 20 ਸਾਲਾ ਅਰਪਣ ਦੱਤਾ, 20 ਸਾਲ ਦੇ ਹੀ ਜ਼ੈਨ ਅਫਜ਼ਲ, ਨਿਊ ਮਾਰਕਿਟ ਦੇ ਆਂਦਰੇ ਪੌਕਰੋਵਸਕੀ, ਕੈਂਬਰਿਜ ਦੇ ਮੁਹੰਮਦ ਹਾਦੀ, ਕਿਚਨਰ ਦੇ ਸਦਕੌਲ ਦਰਮਨ, ਟੋਰਾਂਟੋ ਦੇ ਇਬਰਾਹਿਮ ਟਾਇਰੋ, ਮੀਨਾ ਪੈਬੇਨਿਟੋ, ਕਮਲ ਅਲ ਹਾਦਜੀ ਦਾਨੀ ਅਤੇ ਸ਼ੈਬੂ ਕੂਲੀ ਵਜੋਂ ਕੀਤੀ ਗਈ ਹੈ। ਯਾਰਕ ਰੀਜਨਲ ਪੁਲਿਸ ਵੱਲੋਂ ‘ਪ੍ਰੌਜੈਕਟ ਮਾਂਬਾ’ ਅਧੀਨ ਇਹ ਕਾਰਵਾਈ ਕੀਤੀ ਗਈ ਅਤੇ ਇਸ ਮੁਹਿੰਮ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵੀ ਡਟਵਾਂ ਸਾਥ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਕਾਰ ਚੋਰੀ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ 8 ਫਰਵਰੀ ਨੂੰ ਇਕ ਕੌਮੀ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸੂਬਾ ਸਰਕਾਰਾਂ ਦੇ ਨੁਮਾਇੰਦੇ ਅਤੇ ਕਾਰ ਉਦਯੋਗ ਦੇ ਉਚ ਅਧਿਕਾਰੀ ਸ਼ਾਮਲ ਹੋਣਗੇ।

32 ਲੱਖ ਡਾਲਰ ਮੁੱਲ ਦੀਆਂ ਮਹਿੰਗੀਆਂ ਗੱਡੀਆਂ ਬਰਾਮਦ
ਸੰਮੇਲਨ ਦਾ ਮਕਸਦ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣਾ ਹੈ ਅਤੇ ਫੈਡਰਲ ਸਰਕਾਰ ਵੱਲੋਂ ਵੀ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ ਹੈ। ਗਰੇਟਰ ਟੋਰਾਂਟੋ ਏਰੀਆ ਵਿਚ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ ਪਿਛਲੇ ਸਮੇਂ ਦੌਰਾਨ 300 ਫੀ ਸਦੀ ਵਾਧਾ ਹੋਇਆ ਹੈ ਅਤੇ ਹਰ ਮਿਊਂਸਪੈਲਿਟੀ ਵਾਸਤੇ ਇਹ ਸਮੱਸਿਆ ਵੱਡੀ ਸਿਰਦਰਦੀ ਬਣੀ ਹੋਈ ਹੈ।