ਵੈਨਕੂਵਰ : ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਪਿਛਲੇ ਸਮੇਂ ਦੌਰਾਨ ਮਿਲੀਆਂ ਧਮਕੀਆਂ ਚਰਚਾ ਦਾ ਮੁੱਦਾ ਬਣੀਆਂ ਹੋਈਆਂ ਹਨ ਅਤੇ ਹਾਲਾਤ ਦੇ ਮੱਦੇਨਜ਼ਰ ਸਰੀ ਤੇ ਐਬਟਸਫੋਰਡ ਦੇ ਕਾਰੋਬਾਰੀਆਂ ਵੱਲੋਂ ਇਕ ਵੱਡਾ ਇਕੱਠ ਕੀਤਾ ਗਿਆ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਧਮਕੀ ਪੱਤਰ ਵਿਚ ਨਾਂ ਵਾਲੇ ਭਾਰਤੀ ਕਾਰੋਬਾਰੀਆਂ ਵਿਚੋਂ ਇਕ ਆਰਜ਼ੀ ਤੌਰ ’ਤੇ ਕੈਨੇਡਾ ਛੱਡ ਗਿਆ ਹੈ ਜਦਕਿ ਦੂਜੇ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿਤੀ।
ਧਮਕੀ ਵਾਲੀ ਚਿੱਠੀ ਨਾਲ ਸਬੰਧਤ ਇਕ ਕਾਰੋਬਾਰੀ ਨੇ ਕੈਨੇਡਾ ਛੱਡਿਆ
ਦੂਜੇ ਪਾਸੇ ਸਰੀ ਸੈਂਟਰ ਤੋਂ ਐਮ.ਪੀ. ਰਣਦੀਪ ਸਿੰਘ ਸਰਾਏ ਨੇ ਉਮੀਦ ਜ਼ਾਹਰ ਕੀਤੀ ਕਿ ਧਮਕੀਆਂ ਦੇਣ ਵਾਲੇ ਜਲਦ ਪੁਲਿਸ ਹਿਰਾਸਤ ਵਿਚ ਹੋਣਗੇ। ਆਰ.ਸੀ.ਐਮ.ਪੀ. ਦੀ ਕਾਰਪੋਰਲ ਸਰਬਜੀਤ ਕੌਰ ਸੰਘਾ ਨੇ ਕਿਹਾ ਕਿ ਕੁਝ ਕਾਰੋਬਾਰੀਆਂ ਨੇ ਲੋਕਲ ਮੀਡੀਆ ਨਾਲ ਗੱਲਬਾਤ ਕੀਤੀ ਪਰ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ। ਅਜਿਹੇ ਮਾਮਲਿਆਂ ਵਿਚ ਪੜਤਾਲ ਵਾਸਤੇ ਲਾਜ਼ਮੀ ਹੈ ਕਿ ਪੁਲਿਸ ਕੋਲ ਸ਼ਿਕਾਇਤ ਜ਼ਰੂਰ ਪੁੱਜੇ। ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਇਸ ਮਾਮਲੇ ਬਾਰੇ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ।