ਓਟਾਵਾ: ਪਿਛਲੇ ਦੋ ਸਾਲਾਂ ’ਚ ਕੈਨੇਡਾ ’ਚ ਸਥਾਈ ਅਤੇ ਅਸਥਾਈ ਨਿਵਾਸੀ ਸ਼੍ਰੇਣੀਆਂ ਦੀਆਂ ਅਰਜ਼ੀਆਂ ਰਿਜੈਕਟ ਹੋਣ ਦਰ ’ਚ ਕਾਫੀ ਵਾਧਾ ਹੋਇਆ ਹੈ। ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ, ਸੰਘੀ ਅੰਕੜਿਆਂ ਅਨੁਸਾਰ ਇਹ ਵਾਧਾ ਅਸਥਾਈ ਨਿਵਾਸੀ ਪ੍ਰੋਗਰਾਮਾਂ ’ਚ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਹੈ। ਇਸ ਦੇ ਪਿੱਛੇ ਯੋਗਤਾ ਨਿਯਮਾਂ ’ਚ ਬਦਲਾਅ, ਸਖ਼ਤ ਨੀਤੀਗਤ ਉਪਾਅ ਅਤੇ ਅਧਿਕਾਰੀਆਂ ’ਤੇ ਮਾਮਲਿਆਂ ਨੂੰ ਜਲਦੀ ਨਿਪਟਾਉਣ ਦਾ ਦਬਾਅ ਮੁੱਖ ਕਾਰਨ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਹਨਾਂ ਦਬਾਵਾਂ ਕਾਰਨ ਅਧਿਕਾਰੀ ਜਲਦਬਾਜ਼ੀ ’ਚ ਫੈਸਲੇ ਲੈਣ ਲਈ ਮਜਬੂਰ ਹੋ ਸਕਦੇ ਹਨ।

ਅਰਜ਼ੀਆਂ ਦੀ ਰਿਫਿਊਜ਼ਲ ’ਚ ਤੇਜ਼ੀ

ਹਾਲ ਹੀ ਦੇ ਸਾਲਾਂ ’ਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਬਕਾਇਆ ਮਾਮਲਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਘੀ ਸਰਕਾਰ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਂਦੇ ਹੋਏ ਇਮੀਗ੍ਰੇਸ਼ਨ ਨੂੰ ਆਰਥਿਕ ਤਰਜੀਹਾਂ ਨਾਲ ਜੋੜਨ ਦੇ ਮਕਸਦ ਨਾਲ ਕਈ ਉਪਾਅ ਸ਼ੁਰੂ ਕੀਤੇ ਹਨ। ਸਤੰਬਰ 2024 ’ਚ 2025 ਲਈ ਸਟੱਡੀ ਪਰਮਿਟ ਦੀ ਮਨਜ਼ੂਰੀ ’ਚ 10 ਫੀਸਦੀ ਦੀ ਕਟੌਤੀ ਕੀਤੀ ਗਈ, ਜੋ 485,000 ਤੋਂ ਘਟ ਕੇ 437,000 ਹੋ ਗਿਆ।

ਕੈਨੇਡਾ ਨੇ ਕੀਤੇ ਕਈ ਬਦਲਾਅ

ਇਸ ਤੋਂ ਇਲਾਵਾ, 1 ਨਵੰਬਰ 2024 ਤੋਂ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਅਰਜ਼ੀਕਾਰਾਂ ਲਈ ਨਵੀਆਂ ਭਾਸ਼ਾ ਜ਼ਰੂਰਤਾਂ ਲਾਗੂ ਹੋ ਗਈਆਂ। ਇਸ ਅਨੁਸਾਰ, ਯੂਨੀਵਰਸਿਟੀ ਗ੍ਰੈਜੂਏਟਸ ਲਈ ਕੈਨੇਡੀਅਨ ਲੈਂਗੂਏਜ਼ ਬੈਂਚਮਾਰਕ (CLB) ਲੈਵਲ 7 ਅਤੇ ਕਾਲਜ ਗ੍ਰੈਜੂਏਟਸ ਲਈ CLB ਲੈਵਲ 5 ਲਾਜ਼ਮੀ ਕਰ ਦਿੱਤਾ।

21 ਜਨਵਰੀ 2025 ਨੂੰ ਪਰਿਵਾਰਕ ਓਪਨ ਵਰਕ ਪਰਮਿਟ ’ਚ ਬਦਲਾਅ ਕੀਤੇ ਗਏ, ਜਿਸ ਨੇ ਵਿਦੇਸ਼ੀ ਕਰਮਚਾਰੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਲਈ ਯੋਗਤਾ ਨੂੰ ਸਖ਼ਤ ਕਰ ਦਿੱਤਾ। ਹੁਣ ਵਿਦਿਆਰਥੀਆਂ ਦੇ ਜੀਵਨ ਸਾਥੀ ਸਿਰਫ਼ ਉਦੋਂ ਹੀ ਯੋਗ ਹੋਣਗੇ ਜੇਕਰ ਮੁੱਖ ਅਰਜ਼ੀਕਾਰ 16 ਮਹੀਨਿਆਂ ਦੇ ਮਾਸਟਰ ਪ੍ਰੋਗਰਾਮ, ਡਾਕਟਰੇਟ ਪ੍ਰੋਗਰਾਮ ਜਾਂ ਵਿਸ਼ੇਸ਼ ਪੇਸ਼ੇਵਰ ਪ੍ਰੋਗਰਾਮ ’ਚ ਹੋਵੇ।

ਵੱਖ-ਵੱਖ ਸ਼੍ਰੇਣੀਆਂ ’ਚ ਰਿਫਿਊਜ਼ਲ ਦਰ

2025 ਦੇ ਪਹਿਲੇ ਪੰਜ ਮਹੀਨਿਆਂ ਦੇ ਅੰਕੜੇ ਸਥਾਈ ਨਿਵਾਸੀ ਸ਼੍ਰੇਣੀਆਂ ’ਚ ਰਿਫਿਊਜ਼ਲ ਦਰਾਂ ’ਚ ਵਾਧੇ ਨੂੰ ਦਰਸਾਉਂਦੇ ਹਨ:

ਆਰਥਿਕ ਸ਼੍ਰੇਣੀ: 6.7% ਰਿਫਿਊਜ਼ਲ , 2023 ਦੇ 5% ਅਤੇ 2024 ਦੇ 5.6% ਤੋਂ ਵੱਧ

ਪਰਿਵਾਰਕ ਸ਼੍ਰੇਣੀ: 12.6%, 2023 ਦੇ 7.2% ਅਤੇ 2024 ਦੇ 8.4% ਤੋਂ ਵੱਧ

ਮਾਨਵੀ ਸਹਾਇਤਾ: 40.4%, 2023 ’ਚ 29.5% ਅਤੇ 2024 ’ਚ 23.6% ਸੀ

ਸੁਰੱਖਿਅਤ ਸਥਿਤੀ ਵਾਲੇ ਸ਼ਰਨਾਰਥੀ: 16.5% ਰਿਫਿਊਜ਼ਲ ਦਰ, 2023 ’ਚ 12.9% ਅਤੇ 2024 ’ਚ 11.8%

ਅਸਥਾਈ ਨਿਵਾਸੀ ਪ੍ਰੋਗਰਾਮਾਂ ’ਚ ਰਿਫਿਊਜ਼ਲ ਦਰ

ਸਟੱਡੀ ਪਰਮਿਟ: 40.5% ਤੋਂ ਵਧ ਕੇ 65.4%

ਵਿਜ਼ਟਰ ਵੀਜ਼ਾ: 39% ਤੋਂ ਵਧ ਕੇ 50%

ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ: 12.8% ਤੋਂ ਵਧ ਕੇ 24.6%

ਜੀਵਨ ਸਾਥੀ ਲਈ ਵਰਕ ਪਰਮਿਟ: 25.2% ਤੋਂ ਵਧ ਕੇ 52.3%

ਵਰਕ ਪਰਮਿਟ ਵਿਸਤਾਰ: 6.5% ਤੋਂ ਵਧ ਕੇ 10.8%