ਕੈਲਗਰੀ ਪੁਲਿਸ ਸ਼ਹਿਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧਿਤ ਚੱਲ ਰਹੀ ਜਬਰਦਸਤੀ ਜਾਂਚ ਵਿੱਚ ਇੱਕ ਦਰਜਨ ਤੋਂ ਵੱਧ ਸ਼ੱਕੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਅਪ੍ਰੈਲ 2025 ਤੋਂ ਲੈ ਕੇ ਹੁਣ ਤੱਕ, ਕੈਲਗਰੀ ਵਿੱਚ ਜਬਰਨ ਵਸੂਲੀ ਨਾਲ ਸਬੰਧਿਤ 49 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚੋਂ 19 ਵਿੱਚ ਗੋਲੀਬਾਰੀ ਸ਼ਾਮਿਲ ਹੈ। ਸਾਲ 2026 ਦੇ ਪਹਿਲੇ 60 ਦਿਨਾਂ ਦੇ ਅੰਦਰ ਹੀ ਜਬਰੀ ਵਸੂਲੀ ਨਾਲ ਜੁੜੀਆਂ ਨੌਂ ਗੋਲ਼ੀਬਾਰੀ ਦੀਆਂ ਵਾਰਦਾਤਾਂ ਹੋਈਆਂ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਬਿਆਨ ਕਰਦੀਆਂ ਹਨ। ਹੁਣ ਤੱਕ ਇਸ ਮਾਮਲੇ ਵਿੱਚ 16 ਵਿਅਕਤੀਆਂ ਵਿਰੁੱਧ 56 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ।

ਕੈਲਗਰੀ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਇਸ ਮਾਮਲੇ ਨਾਲ ਜੁੜੇ 16 ਮੁਲਜ਼ਮਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਪਛਾਣ ਜਨਤਕ ਕੀਤੀ ਹੈ। ਪੁਲਿਸ ਇਸ ਸਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।

ਕੈਲਗਰੀ ਪੁਲਿਸ ਦੇ ਸੁਪਰਡੈਂਟ ਜੈੱਫ ਬੈੱਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਭਾਈਚਾਰੇ ਵਿੱਚ ਵੱਖ-ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਹਨ। ਕੁਝ ਸ਼ੱਕੀਆਂ ਕੋਲ ਵੱਖ-ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਛੁਪੀ ਹੋਈ ਸੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਵਿੱਚੋਂ ਕਿਸੇ ਵੀ ਵਿਅਕਤੀ ਬਾਰੇ ਕੋਈ ਜਾਣਕਾਰੀ ਰੱਖਦੇ ਹਨ, ਤਾਂ ਤੁਰੰਤ ਸੰਪਰਕ ਕਰਨ।ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ (ਜੋਸ਼ੀ), ਕਰਨਬੀਰ ਸਿੰਘ, ਅਮਨਦੀਪ ਸਿੰਘ (ਸਿੱਧੂ), ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲ੍ਹੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ, ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨ ਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ ਹੇਠ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ।