ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜਿਸਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਹੋਵੇਗੀ। ਇਸ ਭਾਸ਼ਣ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮੁੱਖ ਪ੍ਰਾਪਤੀਆਂ ਤੇ ਚਾਨਣਾ ਪਾਇਆ ਜਾਵੇਗਾ। ਨਾਲ ਹੀ ਆਉਣ ਵਾਲੇ ਸਾਲ ਲਈ ਸਰਕਾਰ ਦੀਆਂ ਯੋਜਨਾਵਾਂ ਅਤੇ ਰੋਡਮੈਪ ਦੀ ਰੂਪਰੇਖਾ ਵੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੈਸ਼ਨ 16 ਮਾਰਚ ਤੱਕ ਜਾਰੀ ਰਹੇਗਾ। ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਭਾਸ਼ਣ ਹੋਵੇਗਾ। ਇਸ ਦੇ ਨਾਲ ਹੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ 7 ਮਾਰਚ ਸ਼ਨੀਵਾਰ ਨੂੰ ਛੁੱਟੀ ਰਹੇਗੀ। 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ‘ਆਪ’ ਸਰਕਾਰ ਆਪਣਾ ਪੰਜਵਾਂ ਬਜਟ ਪੇਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਬਜਟ ਵਿੱਚ ਔਰਤਾਂ ਲਈ ਵਿਸ਼ੇਸ਼ ਐਲਾਨ ਕੀਤੇ ਜਾ ਸਕਦੇ ਹਨ। ਸੈਸ਼ਨ ਦੇ ਹੰਗਾਮੇ ਭਰਪੂਰ ਰਹਿਣ ਦੀ ਪੂਰੀ ਸੰਭਾਵਨਾ ਹੈ।
ਰਾਜਪਾਲ ਦੇ ਭਾਸ਼ਣ ‘ਤੇ 9 ਮਾਰਚ ਨੂੰ ਚਰਚਾ ਹੋਵੇਗੀ, ਜਦਕਿ 10 ਅਤੇ 11 ਮਾਰਚ ਨੂੰ ਵਿਧਾਇਕਾਂ ਦੁਆਰਾ ਬਜਟ ‘ਤੇ ਚਰਚਾ ਕੀਤੀ ਜਾਵੇਗੀ। 12 ਮਾਰਚ ਨੂੰ ਵਿਧਾਨਕ ਕੰਮ ਪੂਰਾ ਹੋਵੇਗਾ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਕਾਰਨ ਸਦਨ ਦੀ ਕਾਰਵਾਈ 13 ਤੋਂ 15 ਮਾਰਚ ਤੱਕ ਮੁਲਤਵੀ ਰਹੇਗੀ। 16 ਮਾਰਚ ਨੂੰ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਵਿੱਚ ਵੱਖ-ਵੱਖ ਬਿੱਲ ਪੇਸ਼ ਕੀਤੇ ਜਾਣਗੇ।
ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਵਿੱਚ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਸਮੇਤ ਕਈ ਮਹੱਤਵਪੂਰਨ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ। ਸਰਕਾਰ 13 ਤੋਂ 15 ਮਾਰਚ ਤੱਕ “ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ” ਦਾ ਆਯੋਜਨ ਕਰ ਰਹੀ ਹੈ, ਜਿੱਥੇ ਭਾਰਤ ਅਤੇ ਵਿਦੇਸ਼ਾਂ ਤੋਂ ਨਿਵੇਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ ਸਰਕਾਰ ਸੰਮੇਲਨ ਤੋਂ ਪਹਿਲਾਂ ਨਵੀਂ ਉਦਯੋਗਿਕ ਨੀਤੀ ਜਾਰੀ ਕਰਨਾ ਚਾਹੁੰਦੀ ਹੈ। ਇਹ ਨੀਤੀ 2022 ਤੋਂ ਬਾਅਦ ਪਹਿਲੀ ਵਾਰ ਪੇਸ਼ ਕੀਤੀ ਜਾ ਰਹੀ ਹੈ।














