6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀ ਕਾਮ ਨੇ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਨੇ ਖੇਡ ਤੋਂ ਸੰਨਿਆਸ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਤੇ ਉਨ੍ਹਾਂ ਦਾ ਹਾਲੇ ਸੰਨਿਆਸ ਦਾ ਕੋਈ ਇਰਾਦਾ ਨਹੀਂ ਹੈ। ਮੈਰੀ ਕਾਮ ਨੇ ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ। ਲੰਡਨ ਓਲੰਪਿਕ 2012 ਦੀ ਕਾਂਸੀ ਦਾ ਤਮਗਾ ਜੇਤੂ ਮੈਰੀ ਕਾਮ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਹਾਲੇ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ ਤੇ ਮੇਰੇ ਬਿਆਨ ਨੂੰਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਜਦੋਂ ਵੀ ਮੈਨੂੰ ਸੰਨਿਆਸ ਦਾ ਐਲਾਨ ਕਰਨਾ ਹੋਵੇਗਾ ਤਾਂ ਮੈਂ ਖੁਦ ਸਾਰਿਆਂ ਨੂੰ ਦੱਸਾਂਗੀ। ਮੈਂ ਕੁਝ ਮੀਡੀਆ ਰਿਪੋਰਟਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਮੈਂ ਖੇਡ ਨੂੰ ਅਲਵਿਦਾ ਕਹਿ ਦਿੱਤਾ ਜੋ ਸਹੀ ਨਹੀਂ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ 24 ਜਨਵਰੀ ਨੂੰ ਡਿਬਰੂਗੜ੍ਹ ਵਿੱਚ ਇੱਕ ਸਕੂਲ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੀ ਸੀ, ਜਿੱਥੇ ਮੈਂ ਬੱਚਿਆਂ ਦਾ ਹੌਂਸਲਾ ਵਧਾ ਰਹੀ ਸੀ। ਮੈਂ ਕਿਹਾ ਸੀ ਕਿ ਮੇਰੇ ਅੰਦਰ ਹਾਲੇ ਵੀ ਖੇਡਾਂ ਵਿੱਚ ਨਵੀਆਂ ਉਚਾਈਆਂ ਛੂਹਣ ਦੀ ਭੁੱਖ ਹੈ ਪਰ ਓਲੰਪਿਕ ਵਿੱਚ ਉਮਰ ਦੀ ਸੀਮਾ ਹੋਣ ਨਾਲ ਮੈਂ ਹਿੱਸਾ ਨਹੀਂ ਲੈ ਸਕਦੀ। ਮੈਂ ਹਾਲਾਂਕਿ ਆਪਣਾ ਖੇਡ ਜਾਰੀ ਰੱਖ ਸਕਦੀ ਹਾਂ ਤੇ ਮੇਰਾ ਫੋਕਸ ਫਿਟਨੈੱਸ ‘ਤੇ ਹੈ।
ਦੱਸ ਦੇਈਏ ਕਿ ਮੈਰੀ ਕਾਮ 2014 ਵਿੱਚ ਦੱਖਣੀ ਕੋਰੀਆ ਵਿੱਚ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਬਣੀ ਸੀ। ਮੈਰੀ ਕਾਮ ਨੂੰ ਕਈ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸਾਲ 2006 ਵਿੱਚ ਮੈਰੀ ਕਾਮ ਨੂੰ ਪਦਮ ਸ਼੍ਰੀ ਐਵਾਰਡ ਵੀ ਦਿੱਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 2020 ਵਿੱਚ ਪਦਮ ਵਿਭੂਸ਼ਣ, 2013 ਵਿੱਚ ਪਦਮ ਵਿਭੂਸ਼ਣ, 2009 ਵਿੱਚ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਤੇ 2003 ਵਿੱਚ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।