ਨਿਊ ਯਾਰਕ : ਅਮਰੀਕਾ ਦੀ ਜਹਾਜ਼ ਕੰਪਨੀ ਬੋਇੰਗ ਨੂੰ 737 ਮੈਕਸ ਜਹਾਜ਼ਾਂ ਦੇ ਕਰੈਸ਼ ਹੋਣ ਬਾਰੇ ਪੜਤਾਲ ਵਿਚ ਫਰੌਡ ਕਰਨ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਇਥੋਪੀਆ ਅਤੇ ਇੰਡੋਨੇਸ਼ੀਆ ਵਿਚ ਵਾਪਰੇ ਵੱਡੇ ਹਾਦਸਿਆਂ ਦੌਰਾਨ 346 ਜਣਿਆਂ ਦੀ ਮੌਤ ਹੋਈ ਅਤੇ ਹੁਣ ਬੋਇੰਗ ਵੱਲੋਂ 24 ਕਰੋੜ 36 ਲੱਖ ਡਾਲਰ ਦਾ ਜੁਰਮਾਨਾ ਭਰਨ ਦੀ ਸਹਿਮਤੀ ਪ੍ਰਗਟਾਈ ਗਈ ਹੈ। ਬਲੂਮਬਰਗ ਦੀ ਰਿਪੋਰਟ ਅਮਰੀਕਾ ਦੇ ਨਿਆਂ ਵਿਭਾਗ ਦਾ ਮੰਨਣਾ ਹੈ ਕਿ ਬੋਇੰਗ ਨੇ 2018 ਅਤੇ 2019 ਵਿਚ ਵਾਪਰੇ ਹਾਦਸਿਆਂ ਮਗਰੋਂ ਕੰਪਨੀ ਵਿਚ ਸੁਧਾਰ ਵਾਸਤੇ ਕੀਤੇ ਸਮਝੌਤੇ ਦੀ ਉਲੰਘਣਾ ਕੀਤੀ।
2 ਹਾਦਸਿਆਂ ਦੌਰਾਨ ਗਈ ਸੀ 346 ਜਣਿਆਂ ਦੀ ਜਾਨ
ਕੰਪਨੀ ਨੂੰ ਪਲੇਨ ਕਰੈਸ਼ ਦੌਰਾਨ ਮਾਰੇ ਗਏ ਲੋਕਾਂ ਦੇ ਪਰਵਾਰਕ ਮੈਂਬਰਾਂ ਨੂੰ ਮਿਲਣ ਦੀ ਹਦਾਇਤ ਵੀ ਦਿਤੀ ਗਈ ਹੈ ਅਤੇ ਤਿੰਨ ਸਾਲ ਤੱਕ ਅਦਾਲਤ ਵੱਲੋਂ ਬੋਇੰਗ ਦੀ ਨਿਗਰਾਨੀ ਕੀਤੀ ਜਾਵੇਗੀ। ਅਦਾਲਤ ਵੱਲੋਂ ਫਲਾਈਟ ਸੁਰੱਖਿਆ ਦੀ ਘੋਖ ਕੀਤੀ ਜਾਵੇਗੀ ਅਤੇ ਸਾਲਾਨਾ ਰਿਪੋਰਟ ਸਰਕਾਰ ਨੂੰ ਸੌਂਪਣ ਦਾ ਪ੍ਰਬੰਧ ਕੀਤਾ ਗਿਆ ਹੈ। ਜੇ ਬੋਇੰਗ ਅਜਿਹਾ ਨਹੀਂ ਕਰਦੀ ਤਾਂ ਮੁੜ ਜੁਰਮਾਨਾ ਲਾਇਆ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ 29 ਅਕਤੂਬਰ 2018 ਨੂੰ ਇੰਡੋਨੇਸ਼ੀਆ ਵਿਚ ਪਹਿਲਾ ਬੋਇੰਗ 737 ਕਰੈਸ਼ ਹੋਇਆ। ਉਡਾਣ ਭਰਨਤੋਂ ਕੁਝ ਮਿੰਨ ਬਾਅਦ ਜਹਾਜ਼ ਦੇ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰਦਿਆਂ ਜਕਾਰਤਾ ਪਰਤਣ ਦੀ ਇਜਾਜ਼ਤ ਮੰਗੀ। ਉਸ ਵੇਲੇ ਜਹਾਜ਼ 5 ਹਜ਼ਾਰ ਫੁੱਟ ਦੀ ਉਚਾਈ ’ਤੇ ਉਡ ਰਿਹਾ ਸੀ।
24 ਕਰੋੜ 36 ਲੱਖ ਦਾ ਜੁਰਮਾਨਾ ਕਰਨਾ ਹੋਵੇਗਾ ਅਦਾ
ਇਸ ਮਗਰੋਂ ਜਹਾਜ਼ ਤੋਂ ਨਾਂ ਐਮਰਜੰਸੀ ਐਲਰਟ ਆਇਆ ਅਤੇ ਨਾ ਹੀ ਜਹਾਜ਼ ਮੁੜ ਨਜ਼ਰ ਆਇਆ। ਸਮੁੰਦਰ ਵਿਚ ਗਰਕ ਹੋਣ ਕਾਰਨ ਇਸ ਵਿਚ ਸਵਾਰ ਸਾਰੇ 189 ਲੋਕ ਮਾਰੇ ਗਏ। ਕਰੈਸ਼ ਹੋਇਆ ਜਹਾਜ਼ ਸਿਰਫ ਤਿੰਨ ਮਹੀਨੇ ਪੁਰਾਣਾ ਸੀ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸੇ ਤੋਂ ਕੁਝ ਦਿਨ ਪਹਿਲਾਂ ਵੀ ਜਹਾਜ਼ ਵਿਚ ਲੱਗਾ ਹਵਾ ਦੀ ਰਫ਼ਤਾਰ ਮਾਪਣ ਵਾਲਾ ਮੀਟਰ ਗਲਤ ਅੰਕੜੇ ਦੇ ਰਿਹਾ ਸੀ। ਅਸਮਾਨ ਵਿਚ ਜਹਾਜ਼ ਨਾਲ ਟਕਰਾਉਣ ਵਾਲੀ ਹਵਾ ਦੀ ਰਫਤਾਰ ਮਾਪਣ ਲਈ ਸੈਂਸਰ ਲੱਗੇ ਹੁੰਦੇ ਹਨ ਅਤੇ ਇਸ ਰਾਹੀਂ ਪਾਇਲਟ ਨੂੰ ਪਤਾ ਲਗਦਾ ਰਹਿੰਦਾ ਹੈ ਕਿ ਜਹਾਜ਼ ਨੂੰ ਕਿਸ ਐਂਗਲ ’ਤੇ ਰੱਖਿਆ ਜਾਵੇ। ਇੰਡੋਨੇਸ਼ੀਆ ਵਾਲੇ ਹਾਦਸੇ ਤੋਂ ਪੰਜ ਮਹੀਨੇ ਬਾਅਦ ਦੂਜਾ ਹਾਦਸਾ ਮਾਰਚ 2019 ਵਿਚ ਇਥੋਪੀਆ ਵਿਖੇ ਵਾਪਰਿਆ। ਅਦੀਸ ਅਬਾਬਾ ਸ਼ਹਿਰ ਤੋਂ ਉਡਿਆ ਜਹਾਜ਼ ਸਿਰਫ ਦੋ ਮਿੰਟ ਬਾਅਦ ਧਰਤੀ ’ਤੇ ਆ ਡਿੱਗਦਾ ਹੈ ਅਤੇ ਸਾਰੇ 153 ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੂਜੇ ਹਾਦਸੇ ਮਗਰੋਂ 737 ਮੈਕਸ ਜਹਾਜ਼ਾਂ ’ਤੇ ਸਵਾਲ ਉਠਣ ਲੱਗੇ ਅਤੇ ਦੁਨੀਆਂ ਦੇ ਹਰ ਏਅਰਲਾਈਨ ਵੱਲੋਂ ਇਨ੍ਹਾਂ ਨੂੰ ਗਰਾਊਂਡ ਕਰ ਦਿਤਾ ਗਿਆ। ਬੋਇੰਗ ਵੱਲੋਂ ਕਈ ਤਬਦੀਲੀਆਂ ਮਗਰੋਂ ਜਹਾਜ਼ਾਂ ਦੀ ਉਡਾਣ ਮੁੜ ਸ਼ੁਰੂ ਹੋਈ ਪਰ ਹੋਰ ਕਈ ਮਾਡਲ ਦੇ ਜਹਾਜ਼ਾਂ ਬਾਰੇ ਵੀ ਸਵਾਲ ਉਠ ਰਹੇ ਹਨ।