ਸਟਾਰ ਨਿਊਜ਼:- ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਵਲੋਂ ਕੈਨੇਡਾ ਭਰ ਵਿੱਚ ਵੱਖ ਵੱਖ ਹਲਕਿਆਂ ਵਿੱਚ ਨਾਮੀਨੇਸ਼ਨ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਕਿਊਂਕਿ ਕੰਜ਼ਰਵਟਿਵ ਪਾਰਟੀ ਲੰਮੇ ਸਮੇਂ ਤੋਂ ਸੱਤਾ ਤੋਂ ਬਾਹਰ ਹੈ ਅਤੇ ਬਹੁਤ ਸਾਰੇ ਹਲਕਿਆਂ ਵਿੱਚ ਨਾਮੀਨੇਸ਼ਨ ਚੋਣਾਂ ਹੋਣੀਆਂ ਹਨ। ਇਸ ਲਈ ਵੱਖ ਵੱਖ ਭਾਈਚਾਰਿਆਂ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ। ਬੀਤੇ ਹਫ਼ਤੇ ਬਰੈਂਪਟਨ ਈਸਟ ਹਲਕੇ ਤੋਂ ਪੰਜਾਬੀ ਭਾਈਚਾਰੇ ਵਿੱਚ ਜਾਣੀ ਪਛਾਣੀ ਸਖ਼ਸ਼ੀਅਤ ਬੌਬ ਦੁਸਾਂਝ ਬਿਨਾ ਮੁਕਾਬਲਾ ਕੰਜ਼ਰਵਟਿਵ ਪਾਰਟੀ ਦੇ ਉਮੀਦਵਾਰ ਚੁਣੇ ਗਏ ਹਨ।
ਬੌਬ ਦੁਸਾਂਝ ਜਿਹੜੇ ਪਹਿਲਾਂ ਬਰੈਂਪਟਨ ਦੇ ਮੇਅਰ ਦੀ ਚੋਣ ਵੀ ਲੜ ਚੁੱਕੇ ਹਨ, ਅਤੇ ਹੁਣ ਬਰੈਂਪਟਨ ਈਸਟ ਤੋਂ ਕੰਜ਼ਰਵਟਿਵ ਪਾਰਟੀ ਲਈ ਉਮੀਦਬਾਰੀ ਦੇ ਤਕੜੇ ਦਾਅਵੇਦਾਰ ਵੱਜੋਂ ਭਾਈਚਾਰੇ ਵਿੱਚ ਵਿਚਰ ਰਹੇ ਸਨ। ਬਰੈਂਪਟਨ ਈਸਟ ਹਲਕੇ ਤੋਂ ਕੰਜ਼ਰਵਟਿਵ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦਾ ਦਾਅਵਾ ਪੱਕਾ ਹੋ ਗਿਆ ਹੈ। ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਬੌਬ ਦੁਸਾਂਝ ਦਾ ਮੁਕਾਬਲਾ ਹੁਣ ਲਿਬਰਲ ਪਾਰਟੀ ਦੇ ਮੌਜੂਦਾ ਸਾਂਸਦ ਮਨਜਿੰਦਰ ਸਿੱਧੂ ਨਾਲ ਹੋਵੇਗਾ। ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਜਿਸ ਤਰ੍ਹਾਂ ਲਿਬਰਲ ਦੀ ਮਾੜੀ ਹਾਲਤ ਹੈ ਅਤੇ ਦੂਜੇ ਪਾਸੇ ਕੰਜ਼ਰਵਟਿਵ ਪਾਰਟੀ ਦਾ ਗਰਾਫ ਉੱਪਰ ਜਾ ਰਿਹਾ ਹੈ। 2025 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕੰਜ਼ਰਵਟਿਵ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਪੂਰੇ ਅਸਾਰ ਬਣਦੇ ਜਾ ਰਹੇ ਹਨ।
ਬਰੈਂਪਟਨ ਵਿੱਚ ਹੁਣ ਕੱੁਲ ਛੇ ਹਲਕੇ ਹਨ, ਬਰੈਂਪਟਨ ਈਸਟ ਤੋਂ ਬੌਬ ਦੁਸਾਂਝ ਕੰਜ਼ਰਵਟਿਵ ਪਾਰਟੀ ਦੇ ਉਮੀਦਵਾਰ ਚੁਣੇ ਗਏ ਹਨ। ਪੰਜਾਬ ਸਟਾਰ ਦੀ ਟੀਮ ਵੱਲੋਂ ਬੌਬ ਦੁਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਜਿੱਤ ਦੀ ਬਹੁਤ ਬਹੁਤ ਵਧਾਈ।