ਬੀਜਿੰਗ: ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਯੋਜਨਾ ਨੂੰ ਝਟਕਾ ਦਿੰਦੇ ਹੋਏ ਬ੍ਰਾਜ਼ੀਲ ਨੇ ਬੀਜਿੰਗ ਦੀ ਅਰਬਾਂ ਡਾਲਰ ਦੀ ਪਹਿਲ ’ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।
ਇਸ ਤਰ੍ਹਾਂ ਇਹ ਭਾਰਤ ਤੋਂ ਬਾਅਦ ਬ੍ਰਿਕਸ ਸਮੂਹ ਦਾ ਦੂਜਾ ਦੇਸ਼ ਬਣ ਗਿਆ ਹੈ ਜਿਸ ਨੇ ਇਸ ਵਿਸ਼ਾਲ ਪ੍ਰਾਜੈਕਟ ਦਾ ਸਮਰਥਨ ਨਹੀਂ ਕੀਤਾ ਹੈ।ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਦੇ ਵਿਸ਼ੇਸ਼ ਸਲਾਹਕਾਰ ਸੇਲਸੋ ਅਮੋਰਿਮ ਨੇ ਸੋਮਵਾਰ ਨੂੰ ਕਿਹਾ ਕਿ ਬ੍ਰਾਜ਼ੀਲ ਬੀ.ਆਰ.ਆਈ. ਵਿਚ ਸ਼ਾਮਲ ਨਹੀਂ ਹੋਵੇਗਾ ਪਰ ਇਸ ਦੀ ਬਜਾਏ ਚੀਨੀ ਨਿਵੇਸ਼ਕਾਂ ਨਾਲ ਭਾਈਵਾਲੀ ਕਰਨ ਦੇ ਬਦਲਵੇਂ ਤਰੀਕਿਆਂ ਦੀ ਤਲਾਸ਼ ਕਰੇਗਾ।
ਉਨ੍ਹਾਂ ਨੇ ਬ੍ਰਾਜ਼ੀਲ ਦੇ ਅਖਬਾਰ ‘ਓ ਗਲੋਬੋ’ ਨੂੰ ਦਸਿਆ ਕਿ ਬ੍ਰਾਜ਼ੀਲ ਚੀਨ ਨਾਲ ਸਬੰਧਾਂ ਨੂੰ ਨਵੇਂ ਪੱਧਰ ’ਤੇ ਲਿਜਾਣਾ ਚਾਹੁੰਦਾ ਹੈ। ਏਮੋਰਿਮ ਨੇ ਕਿਹਾ, ‘‘ਅਸੀਂ ਕੋਈ ਸੰਧੀ ਨਹੀਂ ਕਰ ਰਹੇ ਹਾਂ।’’
ਹਾਂਗਕਾਂਗ ਅਧਾਰਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਦਸਿਆ ਕਿ ਬ੍ਰਾਜ਼ੀਲ ਦਾ ਫੈਸਲਾ ਚੀਨ ਦੀ 20 ਨਵੰਬਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਬ੍ਰਾਜ਼ੀਲੀਆ ਦੀ ਸਰਕਾਰੀ ਯਾਤਰਾ ਦੌਰਾਨ ਇਸ ਨੂੰ ਲਾਗੂ ਕਰਨ ਦੀ ਯੋਜਨਾ ਦੇ ਉਲਟ ਹੈ। ਅਖਬਾਰ ਨੇ ਕਿਹਾ ਕਿ ਬ੍ਰਾਜ਼ੀਲ ਦੀ ਆਰਥਕਤਾ ਅਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਹਾਲ ਹੀ ਵਿਚ ਇਸ ਵਿਚਾਰ ਦਾ ਵਿਰੋਧ ਕੀਤਾ ਹੈ।