ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਤੋਂ ਸ਼ਨੀਵਾਰ ਨੂੰ ਇੱਕ ਭਿਆਨਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੰਗਾ ‘ਚ ਇਸ਼ਨਾਨ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇਕ ਟ੍ਰੈਕਟਰ-ਟ੍ਰਾਲੀ ਬੇਕਾਬੂ ਹੋ ਕੇ ਛੱਪੜ ‘ਚ ਜਾ ਡਿੱਗੀ। ਇਸ ਘਟਨਾ ‘ਚ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸਾਰੇ ਸ਼ਰਧਾਲੂ ਏਟਾ ਜ਼ਿਲ੍ਹੇ ਦੇ ਵਸਨੀਕ ਸਨ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਜਾਰੀ ਹਨ।
ਜਾਣਕਾਰੀ ਮੁਤਾਬਕ ਕਾਸਗੰਜ ਦੇ ਪਟਿਆਲੀ-ਦਰੀਆਵਗੰਜ ਰੋਡ ‘ਤੇ ਸਵੇਰੇ ਕੁਝ ਸ਼ਰਧਾਲੂ ਗੰਗਾ ‘ਚ ਇਸ਼ਨਾਨ ਕਰਨ ਜਾ ਰਹੇ ਸਨ। ਇਸ ਦੌਰਾਨ ਜਦੋਂ ਇੱਕ ਕਾਰ ਸਾਹਮਣੇ ਆਈ ਤਾਂ ਟ੍ਰੈਕਟਰ ਚਾਲਕ ਕੰਟਰੋਲ ਗੁਆ ਬੈਠਾ ਅਤੇ ਟ੍ਰੈਕਟਰ-ਟ੍ਰਾਲੀ ਛੱਪੜ ਵਿੱਚ ਜਾ ਡਿੱਗੀ। ਹਾਦਸਾ ਹੁੰਦੇ ਹੀ ਆਸਪਾਸ ਮੌਜੂਦ ਲੋਕ ਮਦਦ ਲਈ ਦੌੜੇ। ਇਸ ਘਟਨਾ ‘ਚ ਜ਼ਖਮੀ ਹੋਏ ਲੋਕਾਂ ਨੂੰ ਸਿਹਤ ਕੇਂਦਰ ਲਿਜਾਇਆ ਗਿਆ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ‘ਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਜ਼ਖਮੀਆਂ ਦੇ ਤੁਰੰਤ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਅਤੇ ਰਾਜ ਮੰਤਰੀ ਅਨੂਪ ਪ੍ਰਧਾਨ ਵਾਲਮੀਕੀ ਨੂੰ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਹਨ।