ਗੁਰਦਾਸਪੁਰ ਵਿੱਚ ਅੱਜ ਇੱਕ ਸੁਨਿਆਰੇ ਦੇ ਘਰੋਂ ਦਿਨ ਦਿਹਾੜੇ ਕਰੋੜਾਂ ਰੁਪਏ ਦੀ ਲੁੱਟ ਹੋ ਗਈ। ਪੰਜ ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ। ਇਨ੍ਹਾਂ ਵਿੱਚੋਂ ਇੱਕ ਲੁਟੇਰੇ ਨੇ ਸੁਨਿਆਰੇ ਦੀ ਪਤਨੀ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਫਿਰ ਪੂਰੇ ਪਰਿਵਾਰ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਇੰਨ੍ਹਾਂ ਹੀ ਨਹੀਂ ਲੁਟੇਰਿਆਂ ਨੇ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬੰਦ ਕਰ ਦਿੱਤਾ ਅਤੇ ਘਰ ਦੀਆਂ ਸਾਰੀਆਂ ਚਾਬੀਆਂ ਵੀ ਖੋਹ ਲਈਆਂ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਬਦਮਾਸ਼ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੁਨਿਆਰੇ ਦੀ ਪਤਨੀ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਪੰਜ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖਿਲ ਹੋਏ। ਉਸ ਸਮੇਂ ਉਨ੍ਹਾਂ ਦਾ ਡਰਾਈਵਰ ਸਰਬਜੀਤ ਸਿੰਘ ਗੱਡੀ ਸਾਫ਼ ਕਰ ਰਿਹਾ ਸੀ। ਲੁਟੇਰਿਆਂ ਨੇ ਡਰਾਈਵਰ ਨਾਲ ਗੱਲ ਕੀਤੀ ਅਤੇ ਜਦੋਂ ਡਰਾਈਵਰ ਉਨ੍ਹਾਂ ਨੂੰ ਬੁਲਾਉਣ ਲਈ ਅੰਦਰ ਆਇਆ, ਤਾਂ ਸਾਰੇ ਬਦਮਾਸ਼ ਘਰ ਵਿੱਚ ਦਾਖਲ ਹੋ ਗਏ। ਇਸ ਤੋਂ ਬਾਅਦ ਦੋ ਬਦਮਾਸ਼ਾਂ ਨੇ ਸੁਨਿਆਰੇ ਦੀ ਪਤਨੀ ਨੇਹਾ ਮਹਾਜਨ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਘਰਦਿਆਂ ਨੂੰ ਇਕ ਜਗ੍ਹਾ ਇਕੱਠਾ ਕਰ ਲਿਆ।

ਇਸ ਤੋਂ ਬਾਅਦ, ਲੁਟੇਰਿਆਂ ਨੇ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬੰਦ ਕਰ ਦਿੱਤਾ। ਡਰਾਈਵਰ ਸਰਬਜੀਤ ਸਿੰਘ ਨੂੰ ਇੱਕ ਕਮਰੇ ਵਿੱਚ, ਨੇਹਾ ਮਹਾਜਨ ਅਤੇ ਉਨ੍ਹਾਂ ਦੇ ਦੋ ਬੱਚਿਆਂ ਕ੍ਰਿਸ਼ ਤੇ ਸ਼ਿਖਰ ਨੂੰ ਦੂਜੇ ਕਮਰੇ ਵਿੱਚ, ਅਤੇ ਪਤੀ ਵਰੁਣ ਮਹਾਜਨ ਨੂੰ ਇੱਕ ਹੋਰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਲੁਟੇਰਿਆਂ ਨੇ ਘਰ ਦੀਆਂ ਸਾਰੀਆਂ ਚਾਬੀਆਂ ਖੋਹ ਲਈਆਂ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਧਮਕੀਆਂ ਤੋਂ ਬਾਅਦ, ਲੁਟੇਰਿਆਂ ਨੇ ਘਰ ਵਿੱਚੋਂ ਸਾਰਾ ਸੋਨਾ ਅਤੇ ਨਕਦੀ ਲੁੱਟ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਘਰ ਦੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ। ਪਰਿਵਾਰ ਦੇ ਅਨੁਸਾਰ, ਕੁੱਲ 7 ਕਰੋੜ ਰੁਪਏ ਦੀ ਲੁੱਟ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।