ਟੋਰਾਂਟੇ: ਕੈਨੇਡਾ ਵੱਸਦੇ ਪੰਜਾਬੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਤੇ ਕੈਨੇਡਾ ਵਿਚਾਲੇ ਆਰਥਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ UPI ਰਾਹੀਂ ਸਰਹੱਦ ਪਾਰ ਪੈਸੇ ਭੇਜਣ ਅਤੇ ਸਿੱਧੇ ਭੁਗਤਾਨ ਦੀਆਂ ਸੰਭਾਵਨਾਵਾਂ ’ਤੇ ਗੱਲਬਾਤ ਚੱਲ ਰਹੀ ਹੈ। ਜੇ ਇਹ ਪ੍ਰਬੰਧ ਲਾਗੂ ਹੁੰਦਾ ਹੈ ਤਾਂ ਕੈਨੇਡਾ ਰਹਿੰਦੇ ਭਾਰਤੀਆਂ ਵੱਲੋਂ ਪਰਿਵਾਰਾਂ ਨੂੰ ਪੈਸਾ ਭੇਜਣ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਭੁਗਤਾਨ ਕਰਨਾ ਵੀ ਸੌਖਾ ਹੋ ਸਕਦਾ ਹੈ। ਹਾਲਾਂਕਿ ਇਹ ਵਿਵਸਥਾ ਹਾਲੇ ਲਾਗੂ ਨਹੀਂ ਹੋਈ ਅਤੇ ਇਸ ਲਈ ਕਈ ਤਕਨੀਕੀ ਤੇ ਨਿਯਮਕ ਪੱਖਾਂ ’ਤੇ ਕੰਮ ਕਰਨਾ ਬਾਕੀ ਹੈ।
ਭਾਰਤ-ਕੈਨੇਡਾ ਆਰਥਿਕ ਰਿਸ਼ਤਿਆਂ ’ਚ ਨਵਾਂ ਕਦਮ
ਭਾਰਤ ਅਤੇ ਕੈਨੇਡਾ ਵਿਚਾਲੇ ਸਿੱਖਿਆ, ਕਾਰੋਬਾਰ, ਨਿਵੇਸ਼ ਅਤੇ ਪੈਸੇ ਭੇਜਣ ਰਾਹੀਂ ਆਰਥਿਕ ਸਾਂਝ ਲਗਾਤਾਰ ਡੂੰਘੀ ਹੋਈ ਹੈ। ਦੋਵੇਂ ਦੇਸ਼ ਹੁਣ UPI ਰਾਹੀਂ ਸਰਹੱਦ ਪਾਰ ਰਕਮ ਭੇਜਣ ਅਤੇ ਦੁਕਾਨਦਾਰਾਂ ਨੂੰ ਸਿੱਧਾ ਭੁਗਤਾਨ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰ ਰਹੇ ਹਨ।
ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਵਿਚਾਲੇ ਹੋਈ ਪਹਿਲੀ ਆਰਥਿਕ ਅਤੇ ਵਿੱਤੀ ਵਾਰਤਾ ਦੌਰਾਨ ਵਿੱਤੀ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ। ਇਸ ਵਿੱਚ ਭਾਗੀਦਾਰ ਭੁਗਤਾਨ ਸੇਵਾ ਪ੍ਰਦਾਤਾਵਾਂ ਰਾਹੀਂ ਕੈਨੇਡਾ ਵਿੱਚ UPI ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦਾ ਮੁੱਦਾ ਵੀ ਸ਼ਾਮਲ ਸੀ।
ਕੈਨੇਡਾ ’ਚ ਭਾਰਤੀ ਭਾਈਚਾਰੇ ਦੀ ਵੱਡੀ ਮੌਜੂਦਗੀ
2024 ਵਿੱਚ ਕੈਨੇਡਾ ਵਿੱਚ 5,10,235 ਭਾਰਤੀ ਨਾਗਰਿਕ ਅਧਿਐਨ-ਪਰਮਿਟ ਧਾਰਕ ਸਨ। ਕੈਨੇਡਾ ਦੀ 2025 ਦੀ ਇਮੀਗ੍ਰੇਸ਼ਨ ਰਿਪੋਰਟ ਮੁਤਾਬਕ ਭਾਰਤ ਤੋਂ 1,25,530 ਲੋਕਾਂ ਨੂੰ ਸਥਾਈ ਨਿਵਾਸ ਮਿਲਿਆ। ਇਨ੍ਹਾਂ ਵਿੱਚ 94,105 ਲੋਕ ਆਰਥਿਕ ਸ਼੍ਰੇਣੀ ਅਤੇ 31,425 ਪਰਿਵਾਰਕ ਪੁਨਰ-ਮਿਲਾਪ ਸ਼੍ਰੇਣੀ ਵਿੱਚ ਸਨ।
2025 ਦੇ ਅੰਤ ਤੱਕ ਕੈਨੇਡਾ ਵਿੱਚ ਕਰੀਬ 6,91,215 ਅਧਿਐਨ-ਪਰਮਿਟ ਧਾਰਕ ਮੌਜੂਦ ਸਨ ਅਤੇ ਭਾਰਤ ਵਿਦੇਸ਼ੀ ਵਿਦਿਆਰਥੀਆਂ ਦਾ ਇੱਕ ਪ੍ਰਮੁੱਖ ਸਰੋਤ ਦੇਸ਼ ਬਣਿਆ ਰਿਹਾ।
UPI ਨਾਲ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਫਾਇਦਾ
ਕੈਨੇਡਾ ਰਹਿੰਦੇ ਭਾਰਤੀ ਅਕਸਰ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਪੈਸਾ ਭੇਜਦੇ ਹਨ। UPI ਆਧਾਰਿਤ ਪ੍ਰਬੰਧ ਨਾਲ ਇਹ ਪ੍ਰਕਿਰਿਆ ਤੇਜ਼, ਪਾਰਦਰਸ਼ੀ ਅਤੇ ਘੱਟ ਖਰਚ ਵਾਲੀ ਹੋ ਸਕਦੀ ਹੈ। ਵਿਦਿਆਰਥੀਆਂ ਦੇ ਪਰਿਵਾਰਾਂ ਲਈ ਫੀਸ, ਕਿਰਾਏ ਜਾਂ ਐਮਰਜੈਂਸੀ ਸਮੇਂ ਪੈਸਾ ਭੇਜਣਾ ਵੀ ਆਸਾਨ ਹੋ ਸਕਦਾ ਹੈ।
ਕਾਰੋਬਾਰੀਆਂ ਲਈ ਵੀ ਮੌਕਾ
ਕੈਨੇਡਾ ਵਿੱਚ ਪੰਜਾਬੀ ਵਪਾਰਕ ਭਾਈਚਾਰਾ ਵੀ ਮਜ਼ਬੂਤ ਹੈ। ਪੰਜਾਬੀ ਚੈਂਬਰ ਆਫ਼ ਕਾਮਰਸ ਦੇ ਨੈੱਟਵਰਕ ਨਾਲ 2,500 ਤੋਂ ਵੱਧ ਮੈਂਬਰ ਅਤੇ 200 ਤੋਂ ਜ਼ਿਆਦਾ ਕਾਰੋਬਾਰ ਜੁੜੇ ਹਨ। UPI ਰਾਹੀਂ ਭਾਰਤ ਤੋਂ ਸਮਾਨ ਖਰੀਦਣ, ਸੇਵਾਵਾਂ ਲਈ ਭੁਗਤਾਨ ਕਰਨ ਅਤੇ ਕਾਰੋਬਾਰੀ ਲੈਣ-ਦੇਣ ਵਿੱਚ ਸਹੂਲਤ ਮਿਲ ਸਕਦੀ ਹੈ।
ਹਾਲਾਂਕਿ ਇਸ ਪ੍ਰਬੰਧ ਨੂੰ ਲਾਗੂ ਕਰਨ ਲਈ ਤਕਨਾਲੋਜੀ, ਨਿਯਮ-ਕਾਨੂੰਨ, ਸੁਰੱਖਿਆ ਅਤੇ ਵਿਦੇਸ਼ੀ ਮੁਦਰਾ ਨਾਲ ਜੁੜੇ ਮਸਲਿਆਂ ’ਤੇ ਦੋਵਾਂ ਦੇਸ਼ਾਂ ਨੂੰ ਕੰਮ ਕਰਨਾ ਪਵੇਗਾ। ਸੀਏ ਦਿਨੇਸ਼ ਸਰਨਾ ਮੁਤਾਬਕ ਇਸ ਨਾਲ ਪੰਜਾਬੀਆਂ ਦੇ ਪਰਿਵਾਰਾਂ ਅਤੇ ਕਾਰੋਬਾਰ ਦੋਵਾਂ ਨੂੰ ਲਾਭ ਹੋ ਸਕਦਾ ਹੈ ਅਤੇ ਇਹ ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਵਿਸ਼ਵ ਪੱਧਰੀ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ।














