ਪਟਿਆਲਾ: ਰਾਜਪੁਰਾ-ਸ਼ੰਭੂ ਰੇਲਵੇ ਲਾਈਨ ਨੇੜੇ ਇਕ ਵੱਡਾ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਡੇਡੀਕੇਟਿਡ ਫਰੇਟ ਕੋਰੀਡੋਰ (DFCCIL) ਦੀ ਰੇਲਵੇ ਲਾਈਨ ‘ਤੇ ਦੇਰ ਰਾਤ ਜ਼ੋਰਦਾਰ ਬਲਾਸਟ ਹੋਇਆ।ਘਟਨਾ ਵਾਲੀ ਥਾਂ ਦੇ ਨੇੜਿਓਂ ਇੱਕ ਅਣਪਛਾਤੀ ਲਾਸ਼ ਵੀ ਮਿਲੀ ਹੈ। ਉਸ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ (RPF), ਜੀ.ਆਰ.ਪੀ. ਅਤੇ ਸਥਾਨਕ ਪੁਲਿਸ ਦੇ ਸੀਨੀਅਰ ਅਧਿਕਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਨੂੰ ਉਸ ਟਰੈਕ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਵੀ ਮਿਲੀ ਹੈ, ਜਿਸ ਦੇ ਚਿੱਥੜੇ ਉੱਡ ਗਏ ਸਨ। ਰੇਲਵੇ ਟਰੈਕ ‘ਤੇ ਹੱਥ-ਪੈਰ ਅਤੇ ਸਿਰ ਧੜ ਤੋਂ ਵੱਖ-ਵੱਖ ਮਿਲੇ।

ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ (SSP) ਵਰੁਣ ਸ਼ਰਮਾ ਨੇ ਦੱਸਿਆ ਕਿ ਧਮਾਕੇ ਕਾਰਨ ਟ੍ਰੈਕ ਨੂੰ ਵੀ ਕੁਝ ਨੁਕਸਾਨ ਪਹੁੰਚਿਆ ਹੈ। ਇਹ ਘਟਨਾ ਰਾਤ ਕਰੀਬ 10 ਵਜੇ ਮਾਲ ਗੱਡੀਆਂ ਲਈ ਬਣੇ ਰੇਲ ਟ੍ਰੈਕ ਦੇ ਕੋਲ ਵਾਪਰੀ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਇੱਕ ਘੱਟ ਤੀਬਰਤਾ ਦਾ ਧਮਾਕਾ ਸੀ।

ਉਨ੍ਹਾਂ ਦੱਸਿਆ ਕਿ ਇੱਕ ਅਣਪਛਾਤੀ ਲਾਸ਼ ਵੀ ਬੁਰੀ ਤਰ੍ਹਾਂ ਖ਼ਰਾਬ ਹਾਲਤ ਵਿੱਚ ਬਰਾਮਦ ਕੀਤੀ ਗਈ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਮਰਨ ਵਾਲੇ ਵਿਅਕਤੀ ਦੀ ਮੌਤ ਧਮਾਕੇ ਵਿੱਚ ਹੋਈ ਹੈ, ਐਸ.ਐਸ.ਪੀ. ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਨਮੂਨੇ ਇਕੱਠੇ ਕਰਨ ਲਈ ਫੋਰੈਂਸਿਕ ਮਾਹਿਰਾਂ ਦੀ ਇੱਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ ਵਿੱਚ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਵਿੱਚ ਡੇਡੀਕੇਟਿਡ ਫਰੇਟ ਕੋਰੀਡੋਰ ਦੇ ਇੱਕ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ਨਾਲ ਇੱਕ ਟ੍ਰੇਨ ਦੇ ਇੰਜਣ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇੱਕ ਲੋਕੋ ਪਾਇਲਟ ਜ਼ਖ਼ਮੀ ਹੋ ਗਿਆ ਸੀ। ਰਾਜਕੀ ਰੇਲਵੇ ਪੁਲਿਸ (GRP) ਅਤੇ ਰੇਲਵੇ ਅਧਿਕਾਰੀ ਹਾਈ ਅਲਰਟ ‘ਤੇ ਹਨ।

ਫਿਲਹਾਲ ਫੋਰੈਂਸਿਕ ਟੀਮਾਂ ਇਹ ਪਤਾ ਲਗਾਉਣ ਦਾ ਕੰਮ ਕਰ ਰਹੀਆਂ ਹਨ ਕਿ ਕੀ ਇਹ ਘਟਨਾ ਕਿਸੇ ਸਾਜ਼ਿਸ਼ ਜਾਂ ਤੋੜ-ਫੋੜ ਦਾ ਨਤੀਜਾ ਸੀ ਜਾਂ ਕਿਸੇ ਖ਼ਾਸ ਵਿਸਫੋਟਕ ਯੰਤਰ ਕਾਰਨ ਹੋਈ ਸੀ। ਇਸ ਘਟਨਾ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।