ਐਡਮਿੰਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿਚ ਐਡਮਿੰਟਨ ਪੁਲਿਸ ਵੱਲੋਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀ.ਸੀ., ਉਨਟਾਰੀਓ ਅਤੇ ਐਲਬਰਟਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਧਮਕੀ ਭਰੀਆਂ ਚਿੱਠੀਆਂ ਭੇਜਣ ਅਤੇ ਕਾਰੋਬਾਰੀ ਅਦਾਰਿਆਂ ਜਾਂ ਘਰਾਂ ’ਤੇ ਗੋਲੀਆਂ ਚਲਾਉਣ ਦੀਆਂ ਦਰਜਨਾਂ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਬੀ.ਸੀ. ਵਿਚ ਆਰ.ਸੀ.ਐਮ.ਪੀ. ਦੋ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ ਪਰ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ।
ਐਡਮਿੰਟਨ ਪੁਲਿਸ ਵੱਲੋਂ ਗ੍ਰਿਫ਼ਤਾਰ ਛੇ ਜਣਿਆਂ ਵਿਚੋਂ ਪੰਜ ਦੀ ਸ਼ਨਾਖਤ ਪਰਮਿੰਦਰ ਸਿੰਘ, ਹਸਨ ਡੈਂਬਿਲ, ਅਰਜੁਨ ਸਹਿਨਾਨ, ਮਾਨਵ ਹੀਰ ਅਤੇ ਰਵਿੰਦਰ ਸੰਧੂ ਵਜੋਂ ਕੀਤੀ ਗਈ ਹੈ ਜਦਕਿ ਛੇਵੇਂ ਸ਼ੱਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਸ ਦਾ ਨਾਂ ਗੁਪਤ ਰੱਖਿਆ ਗਿਆ ਹੈ। 20 ਸਾਲ ਦੇ ਪਰਮਿੰਦਰ ਸਿੰਘ ਵਿਰੁੱਧ ਹਥਿਆਰਾਂ ਨਾਲ ਸਬੰਧਤ 12 ਦੋਸ਼ ਆਇਦ ਕੀਤੇ ਗਏ ਹਨ ਅਤੇ ਉਹ 19 ਅਕਤੂਬਰ ਨੂੰ ਹੋਈ ਗ੍ਰਿਫ਼ਤਾਰੀ ਮਗਰੋਂ ਹੁਣ ਤੱਕ ਪੁਲਿਸ ਹਿਰਾਸਤ ਵਿਚ ਹੈ। ਪਰਮਿੰਦਰ ਸਿੰਘ ’ਤੇ ਐਡਮਿੰਟਨ ਲੌਰਲ ਏਰੀਆ ਵਿਚਲੇ ਇਕ ਘਰ ’ਤੇ ਗੋਲੀਆਂ ਚਲਾਉਣ ਦਾ ਦੋਸ਼ ਹੈ। ਦੂਜੇ ਪਾਸੇ 18 ਸਾਲ ਦੇ ਹਸਨ ਡੈਂਬਿਲ, 18 ਸਾਲ ਦੇ ਹੀ ਮਾਨਵ ਹੀਰ ਅਤੇ 19 ਸਾਲ ਦੇ ਰਵਿੰਦਰ ਸੰਧੂ ਵਿਰੁੱਧ 19 ਦਸਬੰਰ ਨੂੰ ਇਕ ਘਰ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਅਗਜ਼ਨੀ ਦੇ ਦੋਸ਼ ਆਇਦ ਕੀਤੇ ਗਏ ਪਰ ਨਾਬਾਲਗ ਸਣੇ ਇਨ੍ਹਾਂ ਚਾਰੇ ਜਣਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।
19 ਸਾਲ ਦੇ ਅਰਜੁਨ ਸਹਿਨਾਨ ਵਿਰੁੱਘ 30 ਦਸੰਬਰ ਹਥਿਆਰਾਂ ਨਾਲ ਸਬੰਧਤ ਪੰਜ ਦੋਸ਼ ਆਇਦ ਕੀਤੇ ਗਏ ਅਤੇ ਇਸ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ। ਐਡਮਿੰਟਨ ਪੁਲਿਸ ਦਾ ਇਕ ਖਾਸ ਦਸਤਾ ਜਬਰੀ ਵਸੂਲੀ, ਗੋਲੀਬਾਰੀ ਅਤੇ ਧਮਕਾਉਣ ਦੇ ਮਾਮਲਿਆਂ ਦੀ ਪੜਤਾਲ ਕਰ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸਬੰਧਤ ਜਾਣਕਾਰੀ ਹੋਵੇ ਤਾਂ ਉਹ ਤੁਰਤ 780 423 4567 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।