ਬੀਜਿੰਗ : ਚੀਨ ਦੇ ਪਹਾੜੀ ਖੇਤਰ ਯੂਨਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਸਲ ’ਚ ਜ਼ਮੀਨ ਖਿਸਕਣ ’ਚ 44 ਲੋਕਾਂ ਦੇ ਮਲਬੇ ਹੇਠਾਂ ਦੱਬਣ ਦੀ ਖਬਰ ਹੈ। ਘਟਨਾ ਵਾਲੀ ਥਾਂ ਤੋਂ 200 ਲੋਕਾਂ ਨੂੰ ਬਚਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਜ਼ਮੀਨ ਖਿਸਕਣ ਨਾਲ ਕਈ ਘਰ ਤਬਾਹ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਚੀਨ ਦੇ ਦੱਖਣ-ਪੱਛਮੀ ਸੂਬੇ ਯੂਨਾਨ ’ਚ ਵਾਪਰੀ। ਯੂਨਾਨ ਦੇ ਲਿਆਂਗਸੁਈ ਪਿੰਡ ’ਚ ਸੋਮਵਾਰ ਸਵੇਰੇ ਕਰੀਬ 6 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਹਾਦਸੇ ਦਾ ਇਲਾਕਾ ਝੇਨਜਿਆਂਗ ਕਾਉਂਟੀ ਦੇ ਤਾਂਗਫਾਂਗ ਸ਼ਹਿਰ ਦਾ ਹੈ। ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੌਕੇ ’ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਕਾਰਨ 18 ਘਰ ਮਲਬੇ ਹੇਠਾਂ ਦੱਬ ਗਏ ਹਨ। ਪ੍ਰਭਾਵਿਤ ਖੇਤਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੇ ਯਤਨ ਵੀ ਜਾਰੀ ਹਨ। ਜ਼ਮੀਨ ਖਿਸਕਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚੀਨ ਦੇ ਯੂਨਾਨ ਸੂਬੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਹ ਚੀਨ ਦਾ ਦੂਰ-ਦੁਰਾਡੇ ਦਾ ਇਲਾਕਾ ਹੈ, ਜਿੱਥੇ ਵੱਡੇ-ਵੱਡੇ ਪਹਾੜ ਹਨ।