ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਵਿਜੀਲੈਂਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਵਿਜੀਲੈਂਸ ਦੀ ਟੀਮ ਨੇ ਬੀਬੀ ਜਗੀਰ ਕੌਰ ਦੇ ਬੇਗੋਵਾਲ ਸਥਿਤ ਡੇਰੇ ‘ਤੇ ਦਬਿਸ਼ ਦੇ ਕੇ ਦੋ ਘੰਟੇ ਤੱਕ ਜਾਂਚ ਕੀਤੀ ਤੇ ਨਗਰ ਪੰਚਾਇਤ ਦੀ ਜਮੀਨ ਕਬਜ਼ਾਉਣ ਦੇ ਮਾਮਲੇ ਵਿਚ ਬੀਬੀ ਤੋਂ ਪੁੱਛਗਿਛ ਵੀ ਕੀਤੀ। ਬੀਬੀ ਜਗੀਰ ਕੌਰ ਦੇ ਦਾਮਾਦ ਯੁਵਰਾਜ ਭੁਪਿੰਦਰ ਸਿੰਘ ਨੇ ਛਾਪੇ ਦੀ ਗੱਲ ਸਵੀਕਾਰ ਕੀਤੀ ਹੈ।

ਬੀਬੀ ਜਗੀਰ ਕੌਰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਡੇਰੇ ਦੀ ਮੁੱਖ ਸੇਵਾਦਾਰ ਵੀ ਹੈ ਤੇ ਤਿੰਨ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦੇ ਬਾਅਦ ਉਨ੍ਹਾਂ ਨੇ ਐੱਸਜੀਪੀਸੀ ਨੂੰ ਚੁਣੌਤੀ ਦੇਣ ਲਈ ਵੱਖਰੀ ਕਮੇਟੀ ਦਾ ਗਠਨ ਕੀਤਾ ਸੀ। ਬੀਬੀ ਜਗੀਰ ਕੌਰ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਹੈ ਜਿਸ ਵਿਚ ਉਨ੍ਹਾਂ ‘ਤੇ ਨਗਰ ਪੰਚਾਇਤ ਬੇਗੋਵਾਲ ਦੀ ਜ਼ਮੀਨ ਹਥਿਆਉਣ ਦਾ ਦੋਸ਼ ਹੈ।

ਸੂਤਰਾਂ ਮੁਤਾਬਕ ਟੀਮ ਨੇ ਬੀਬੀ ਦੇ ਡੇਰੇ ਤੋਂ ਲੈਪਟਾਪ, ਫੋਨ ਤੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਕਬਜ਼ੇ ਵਿਚ ਲਏ ਹਨ। ਵੀਰਵਾਰ ਨੂੰ ਵਿਜੀਲੈਂਸ ਨੇ ਭੁਲੱਥ ਦੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਨੂੰ ਸਬੰਧਤ ਦਸਤਾਵੇਜ਼ ਸਣੇ ਤਲਬ ਕੀਤਾ ਸੀ। ਲਗਭਗ ਇਕ ਹਫਤੇ ਪਹਿਲਾਂ ਟੀਮ ਨੇ ਨਗਰ ਪੰਚਾਇਤ ਭੁਲੱਥ ਵਿਚ ਦਬਿਸ਼ ਕੀਤੀ ਸੀ। ਡੀਐੱਸਪੀ ਭੁਲੱਥ ਭਾਰਤ ਭੂਸ਼ਣ ਸੈਣੀ ਨੇ ਵਿਜੀਲੈਂਸ ਜਾਂਚ ਦੀ ਪੁਸ਼ਟੀ ਕੀਤੀ।

ਦੱਸ ਦੇਈਏ ਕਿ ਪੰਜਾਬ-ਹਰਿਆਣਾ ਹਾਈਕੋਰਟ ਨੇ 28 ਅਗਸਤ 2023 ਨੂੰ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ 6 ਹਫਤੇ ਵਿਚ ਰਿਪੋਰਟ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਹੈ।ਇਸ ਵਿਚ ਸਰਕਾਰੀ ਜ਼ਮੀਨ ਦੇ ਨਾਜਾਇਜ਼ ਕਬਜ਼ੇ ਦੇ ਮਾਮਲੇ ਦੇ ਸਾਹੇ ਪਹਿਲੂਆਂ ਤੇ ਨਗਰ ਪੰਚਾਇਤ ਤੋਂ ਇਲਾਵਾ ਸਬੰਧਤ ਵਿਭਾਗਾਂ ਦੀ ਜਾਂਚ ਪੜਤਾਲ ਕਰਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪਟੀਸ਼ਨ ਅਨੁਸਾਰ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਬੇਗੋਵਾਲ ਤੇ ਡੇਰੇ ਦੇ ਆਸਪਾਸ ਦੀ ਨਗਰ ਪੰਚਾਇਤ ਦੀ ਲਗਭਗ 22 ਏਕੜ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।