ਬਟਾਲਾ ਜ਼ਿਲ੍ਹੇ ਤੋਂ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਦਿਨ-ਦਿਹਾੜੇ ਸਕੂਲ ਨੇੜੇ ਗੋਲੀਬਾਰੀ ਹੋਈ, ਜਿਸ ਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਸਾਰੀ ਘਟਨਾ ਸਕੂਲ ਦੇ ਬਾਹਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ ਇਹ ਘਟਨਾ ਬਟਾਲਾ ਦੀ ਪੌਸ਼ ਕਾਲੋਨੀ ਰਾਧਾ ਕ੍ਰਿਸ਼ਨਨ ‘ਚ ਸਵੇਰੇ 11 ਵਜੇ ਦੇ ਕਰੀਬ ਵਾਪਰੀ, ਜਿੱਥੇ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਭੱਜਣ ਲੱਗੇ। ਇਸ ਦੌਰਾਨ ਘਟਨਾ ਵਾਲੀ ਥਾਂ ਤੋਂ 100 ਮੀਟਰ ਦੀ ਦੂਰੀ ‘ਤੇ ਇਕ ਆਮ ਆਦਮੀ ਪਾਰਟੀ ਦੇ ਆਗੂ ਦਾ ਘਰ ਹੈ, ਜਿਸ ਦੇ ਗੰਨਮੈਨ ਨੇ ਭੱਜ ਰਹੇ ਨੌਜਵਾਨਾਂ ਕੋਲ ਬੰਦੂਕ ਦੇਖੀ ਤੇ ਉਨ੍ਹਾਂ ਦਾ ਪਿੱਛਾ ਕੀਤਾ।
ਗੰਨਮੈਨ ਨੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਲਿਆ ਗਿਆ ਹੈ ਅਤੇ ਉਸ ਪਾਸੋਂ ਪਿਸਤੌਲ ਵੀ ਬਰਾਮਦ ਕਰ ਲਈ ਗਈ। ਉਕਤ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਫਿਲਹਾਲ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ, ਜੋ ਕਿ ਸੀ.ਸੀ.ਟੀ.ਵੀ. ਦੇ ਆਧਾਰ ‘ਤੇ ਜਾਂਚ ਕਰ ਰਹੀ ਹੈ।