ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਨਿੱਤ ਰੋਜ਼ ਨੌਜਵਾਨਾਂ ਦੇ ਮੁਕਾਬਲੇ ਕਰਕੇ ਪੰਜਾਬ ਸਰਕਾਰ ਝੂਠੀ ਸ਼ੌਹਰਤ ਹਾਸਲ ਕਰਨ ‘ਚ ਲੱਗੀ ਹੋਈ ਹੈ ਜਦਕਿ ਅਸਲ ਗੈਂਗਸਟਰਾਂ ਨੂੰ ਹਰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੀਤੇ ਜਾ ਰਹੇ ਸਾਰੇ ਮੁਕਾਬਲੇ ਸਹੀ ਨਹੀਂ ਹਨ ਕਿਉਂਕਿ ਬਹੁਤ ਸਾਰੇ ਨੌਜਵਾਨ ਅਣਜਾਣਪੁਣੇ ‘ਚ ਰਸਤਾ ਭਟਕ ਚੁੱਕੇ ਹਨ, ਜਿਨ੍ਹਾਂ ਨੂੰ ਠੀਕ ਦਿਸ਼ਾ ਵੱਲ ਲਿਆਉਣ ਦੀ ਲੋੜ ਹੈ। ਬਲਕੌਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਪੁੱਤਰ ਇਸ ਦੁਨੀਆ ‘ਚ ਨਹੀਂ ਹੈ ਪਰ ਲੋਕਾਂ ਦੇ ਪੁੱਤਾਂ ਨੂੰ ਬਚਾਉਣ ਲਈ ਉਹ ਲਗਾਤਾਰ ਸਰਕਾਰਾਂ ਖ਼ਿਲਾਫ਼ ਆਵਾਜ਼ ਉਠਾਉਂਦੇ ਰਹਿਣਗੇ । ਉਨ੍ਹਾਂ ਸਿਆਸੀ ਆਗੂਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਨਾਂਅ ਲੈ ਕੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨ ਕਿਉਂਕਿ ਅਜੇ ਰਾਜਨੀਤੀ ‘ਚ ਆਉਣ ਸਬੰਧੀ ਉਨ੍ਹਾਂ ਕੋਈ ਮਨ ਨਹੀਂ ਬਣਾਇਆ । ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਸਿੱਟ’ 8 ਮਹੀਨਿਆਂ ‘ਚ ਅਜੇ ਤੱਕ ਇਹ ਨਹੀਂ ਸਾਬਤ ਕਰ ਸਕੀ ਕਿ ਇੰਟਰਵਿਊ ਕਿੱਥੇ ਹੋਈ ਹੈ? ਉਨ੍ਹਾਂ ਕਿਹਾ ਕਿ ਪੰਜਾਬ ‘ਚ ਹਰ ਰੋਜ਼ ਵਾਪਰ ਰਹੇ ਅਪਰਾਧਾਂ ਨੂੰ ਰੋਕਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀ ਹੈ ਅਤੇ ਸ਼ਾਂਤੀ ਪਸੰਦ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ।