ਨਵਾਂ ਸ਼ਹਿਰ : ਬੱਬਰ ਖਾਲਸਾ ਟਾਈਗਰ ਫੋਰਸ ਦੇ ਸਰਗਰਮ ਮੈਂਬਰ ਰਹੇ ਰਤਨਦੀਪ ਸਿੰਘ ਦੀ ਬੁੱਧਵਾਰ ਦੇਰ ਰਾਤ ਨਵਾਂਸ਼ਹਿਰ ਦੇ ਰੋਪੜ ਰੋਡ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸਮੇਂ ਰਤਨਦੀਪ ਦਾ ਭਾਣਜਾ ਵੀ ਉੱਥੇ ਮੌਜੂਦ ਸੀ। ਇਸ ਘਟਨਾ ਵਿੱਚ ਭਾਣਜੇ ਨੂੰ ਕੋਈ ਸੱਟ ਨਹੀਂ ਲੱਗੀ।
ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਰਤਨਦੀਪ ਸਿੰਘ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਨਵਾਂਸ਼ਹਿਰ ਦੇ ਐਸਪੀ-ਡੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਪਰੋਕਤ ਘਟਨਾ ਪਿੰਡ ਗੜ੍ਹੀ ਕਾਨੂੰਨਾਂ ਨੇੜੇ ਸਥਿਤ ਸੰਤ ਗੁਰਮੇਲ ਸਿੰਘ ਯਾਦਗਾਰੀ ਹਸਪਤਾਲ ਦੇ ਸਾਹਮਣੇ ਵਾਪਰੀ।
ਘਟਨਾ ਦੇ ਸਮੇਂ ਰਤਨਦੀਪ ਆਪਣੀ ਐਮਜੀ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਇਸ ਦੌਰਾਨ ਦੋ ਬਾਈਕ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਦੋਵਾਂ ਮੁਲਜ਼ਮਾਂ ਨੇ ਰਤਨਦੀਪ ’ਤੇ ਸਿੱਧੀ ਗੋਲੀਬਾਰੀ ਕੀਤੀ ਸੀ। ਪਰ ਇਸ ਦੌਰਾਨ ਭਾਣਜੇ ਦੀ ਜਾਨ ਬੱਚ ਗਈ। ਰਤਨਦੀਪ ਦੇ ਪੇਟ ਅਤੇ ਛਾਤੀ ਵਿੱਚ ਕਈ ਗੋਲੀਆਂ ਲੱਗੀਆਂ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਕਈ ਖੋਲ ਬਰਾਮਦ ਕੀਤੇ ਹਨ।