ਵੈਨਕੂਵਰ : ਬੀ.ਸੀ. ਵਿਖੇ ਸੋਮਵਾਰ ਬਾਅਦ ਦੁਪਹਿਰ ਇਕ ਹੈਲੀਕਾਪਰ ਕਰੈਸ਼ ਹੋਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਚਾਰ ਹੋਰਨਾਂ ਦੀ ਹਾਲਜ਼ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸਾ ਬੀ.ਸੀ ਦੇ ਟੈਰੇਸ ਸ਼ਹਿਰ ਦੇ ਉਤਰ ਵੱਲ ਵਾਪਰਿਆ। ਹੈਲੀਕਾਪਟਰ ਵਿਚ ਸਕੀਂਗ ਕਰਨ ਵਾਲੇ ਸਵਾਰ ਸਨ ਅਤੇ ਇਨ੍ਹਾਂ ਨੂੰ ਬਰਫੀਲੇ ਇਲਾਕੇ ਵਿਚੋਂ ਵਾਪਸ ਲੈ ਕੇ ਆਉਂਦਿਆਂ ਹਾਦਸਾ ਵਾਪਰਿਆ। ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਸੋਮਵਾਰ ਸ਼ਾਮ ਤਕਰੀਬਨ ਸਵਾਰ ਚਾਰ ਵਜੇ ਤਿੰਨ ਏਅਰ ਐਂਬੁਲੈਂਸ ਅਤੇ ਪੰਜ ਗਰਾਊਂਡ ਐਂਬੁਲੈਂਸ ਭੇਜੀਆਂ ਗਈਆਂ।
4 ਜਣਿਆਂ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ
ਚਾਰ ਗੰਭੀਰ ਜ਼ਖ਼ਮੀਆਂ ਨੂੰ ਟੈਰੇਸ ਦੇ ਮਿਲਜ਼ ਮੈਮੋਰੀਅਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸੇ ਦੌਰਾਨ ਨੌਰਦਲ ਹੈਲਥ ਨੇ ਕਿਹਾ ਕਿ ਹਸਪਤਾਲ ਵਿਚ ਕੋਡ ਔਰੇਂਜ ਦਾ ਐਲਾਨ ਕਰ ਦਿਤਾ ਗਿਆ ਹੈ ਤਾਂਕਿ ਲੋੜੀਂਦਾ ਸਟਾਫ ਅਤੇ ਹੋਰ ਵਸੀਲੇ ਮੁਹੱਈਆ ਕਰਵਾਏ ਜਾ ਸਕਣ। ਸਿਹਤ ਅਧਿਕਾਰੀਆਂ ਵੱਲੋਂ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਮਰਨ ਵਾਲਿਆਂ ਦੇ ਪਰਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਮਿਲਜ਼ ਮੈਮੋਰੀਅਲ ਹਸਪਤਾਲ ਦੇ ਸਟਾਫ ਦਾ ਸ਼ੁਕਰੀਆ ਅਦਾ ਵੀ ਕੀਤਾ।