ਵੈਨਕੂਵਰ : ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ ਚਾਰ ਮਹੀਨੇ ਦੌਰਾਨ 763 ਜਣਿਆਂ ਨੇ ਜਾਨ ਗਵਾਈ। ਸੂਬੇ ਵਿਚ ਅੱਠ ਸਾਲ ਪਹਿਲਾਂ ਪਬਲਿਕ ਹੈਲਥ ਐਮਰਜੰਸੀ ਐਲਾਨੇ ਜਾਣ ਮਗਰੋਂ 14,582 ਜਾਨਾਂ ਜਾ ਚੁੱਕੀਆਂ ਹਨ। ਬ੍ਰਿਟਿਸ਼ ਕੋਲੰਬੀਆ ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 182 ਜਣਿਆਂ ਦੀ ਮੌਤ ਹੋਈ ਅਤੇ ਅਪ੍ਰੈਲ 2023 ਦੇ ਮੁਕਾਬਲੇ ਇਹ ਗਿਣਤੀ 24 ਫੀ ਸਦੀ ਘੱਟ ਬਣਦੀ ਹੈ ਪਰ ਨਸ਼ਿਆਂ ਦੀ ਲਗਾਤਾਰ ਸਪਲਾਈ ਕਾਰਨ ਗਿਣਤੀ ਵਧਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਫੈਂਟਾਨਿਲ ਕਰ ਕੇ ਹੋਇਆ ਅਤੇ 82 ਫੀ ਸਦੀ ਟੈਸਟਾਂ ਵਿਚ ਇਹ ਨਸ਼ਾ ਮਿਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤੱਕ ਪੁੱਜ ਚੁੱਕੀ ਹੈ ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖਤਰੇ ਦੇ ਘੇਰੇ ਵਿਚ ਆਉਂਦੇ ਹਨ। ਬੀ.ਸੀ. ਵਿਚ ਕਤਲ ਦੀਆਂ ਵਾਰਦਾਤਾਂ, ਖੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਕਾਰਨ ਐਨੇ ਲੋਕਾਂ ਦੀ ਮੌਤ ਨਹੀਂ ਹੁੰਦੀ ਜਿੰਨੀ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀ ਹੈ। ਦੂਜੇ ਪਾਸੇ ਮਰਨ ਵਾਲਿਆਂ ਵਿਚੋਂ 70 ਫੀ ਸਦੀ ਪੁਰਸ਼ ਦੱਸੇ ਜਾ ਰਹੇ ਹਨ ਅਤੇ ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਮਗਰੋਂ ਤਕਰੀਬਨ ਦੁੱਗਣਾ ਹੋ ਗਿਆ ਹੈ। ਚਾਰ ਸਾਲ ਪਹਿਲਾਂ ਇਕ ਲੱਖ ਦੀ ਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ ਜਦਕਿ ਇਸ ਵੇਲੇ ਇਕ ਲੱਖ ਪਿੱਛੇ 23 ਔਰਤਾਂ ਦੀ ਜਾਨ ਜਾ ਰਹੀ ਹੈ।
ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਜ਼ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਵੱਲੋਂ ਤਾਜ਼ਾ ਅੰਕੜਿਆਂ ਨੂੰ ਤਰਾਸਦੀ ਕਰਾਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਤਾਂਕਿ ਜ਼ਰੂਰਤ ਮਹਿਸੂਸ ਹੋਣ ’ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੀ। ਇਥੇ ਦਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਹੀ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਮਨੋਰੋਗਾਂ ਅਤੇ ਜ਼ਹਿਰੀਲੇ ਨਸ਼ਿਆਂ ਬਾਰੇ ਸੂਬੇ ਦੇ ਪਹਿਲੇ ਮੁੱਖ ਵਿਗਿਆਨਕ ਸਲਾਹਕਾਰ ਦੀ ਨਿਯੁਕਤੀ ਕੀਤੀ ਗਈ ਹੈ। ਮੁੱਖ ਵਿਗਿਆਨਕ ਸਲਾਹਕਾਰ ਡਾ. ਡੈਨੀਅਲ ਵੀਗੋ ਦੀ ਜ਼ਿੰਮੇਵਾਰੀ ਮਾਨਸਿਕ ਸਮੱਸਿਆਵਾਂ ਅਤੇ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ ਲੋਕਾਂ ਦੀ ਸੰਭਾਲ ਹੋਰ ਬਿਹਤਰ ਕਰਨ ਦੇ ਸੁਝਾਅ ਦੇਣ ਬਾਰੇ ਹੋਵੇਗੀ। ਇਸ ਦੇ ਨਾਲ ਹੀ ਨਸ਼ਿਆਂ ਦੀ ਵਾਧੂ ਡੋਜ਼ ਕਾਰਨ ਦਿਮਾਗੀ ਨੁਕਸਾਨ ਦੇ ਸ਼ਿਕਾਰ ਲੋਕਾਂ ਨਾਲ ਸਬੰਧਤ ਮਸਲੇ ਵੀ ਉਨ੍ਹਾਂ ਕੋਲ ਹੋਣਗੇ। ਡੇਵਿਡ ਈਬੀ ਨੇ ਕਿਹਾ ਕਿ ਕੁਝ ਲੋਕ ਓਵਰਡੋਜ਼ ਦੇ ਅਸਰ ਤੋਂ ਬਚ ਜਾਂਦੇ ਹਨ ਪਰ ਦਿਮਾਗ ਨੂੰ ਐਨਾ ਜ਼ਿਆਦਾ ਨੁਕਸਾਨ ਪੁੱਜਦਾ ਹੈ ਕਿ ਸਬੰਧਤ ਸ਼ਖਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ ਜਿਨ੍ਹਾਂ ਨੂੰ 10 ਵਾਰ ਤੋਂ ਵੱਧ ਐਮਰਜੰਸੀ ਰੂਮ ਜਾਣਾ ਪਿਆ ਜਦਕਿ ਇਕ ਸ਼ਖਸ 180 ਵਾਰ ਐਮਰਜੰਸੀ ਰੂਮ ਗਿਆ।