ਵੈਨਕੂਵਰ : ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ ਹਨ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ 1,158 ਜਣਿਆਂ ਨੇ ਜਾਨ ਗਵਾਈ। ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ 181 ਜਣਿਆਂ ਦੀ ਜਾਨ ਗਈ ਅਤੇ ਜੂਨ ਵਿਚ 185 ਜਣਿਆਂ ਨੇ ਦਮ ਤੋੜਿਆ। ਭਾਵੇਂ ਕੁਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ 9 ਫੀ ਸਦੀ ਘਟੀ ਹੈ ਪਰ ਨਸ਼ਿਆਂ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਕਾਰਜਕਾਰੀ ਚੀਫ ਕੌਰੋਨਰ ਜੌਹਨ ਮੈਕਨਮੀ ਦਾ ਕਹਿਣਾ ਸੀ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਿਸੇ ਤਰਾਸਦੀ ਤੋਂ ਘੱਟ ਨਹੀਂ। ਮਈ ਅਤੇ ਜੂਨ ਦੌਰਾਨ ਜਾਨ ਗਵਾਉਣ ਵਾਲਿਆਂ ਵਿਚੋਂ ਅੱਧੇ 30 ਸਾਲ ਤੋਂ 49 ਸਾਲ ਉਮਰ ਵਾਲੇ ਸਨ। ਮੌਜੂਦਾ ਵਰ੍ਹੇ ਦੌਰਾਨ 72 ਫੀ ਸਦੀ ਪੁਰਸ਼ਾਂ ਨੇ ਜਾਨ ਗਵਾਈ ਜਦਕਿ ਔਰਤਾਂ ਦੀ ਗਿਣਤੀ 28 ਫੀ ਸਦੀ ਦਰਜ ਕੀਤੀ ਗਈ। ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਫੈਂਟਾਨਿਲ ਕਰ ਕੇ ਹੋਇਆ ਅਤੇ 82 ਫੀ ਸਦੀ ਟੈਸਟਾਂ ਵਿਚ ਇਹ ਨਸ਼ਾ ਮਿਿਲਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤੱਕ ਪੁੱਜ ਚੁੱਕੀ ਹੈ ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖਤਰੇ ਦੇ ਘੇਰੇ ਵਿਚ ਆਉਂਦੇ ਹਨ।
ਕੌਰੋਨਰਜ਼ ਸਰਵਿਸ ਨੇ ਜਾਰੀ ਕੀਤੇ 2024 ਦੇ ਪਹਿਲੇ ਅੱਧ ਨਾਲ ਸਬੰਧਤ ਅੰਕੜੇ
ਬੀ.ਸੀ. ਵਿਚ ਕਤਲ ਦੀਆਂ ਵਾਰਦਾਤਾਂ, ਖੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਕਾਰਨ ਐਨੇ ਲੋਕਾਂ ਦੀ ਮੌਤ ਨਹੀਂ ਹੁੰਦੀ ਜਿੰਨੀ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਮਗਰੋਂ ਤਕਰੀਬਨ ਦੁੱਗਣਾ ਹੋ ਗਿਆ ਹੈ। ਚਾਰ ਸਾਲ ਪਹਿਲਾਂ ਇਕ ਲੱਖ ਦੀ ਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ ਜਦਕਿ ਇਸ ਵੇਲੇ ਇਕ ਲੱਖ ਪਿੱਛੇ 23 ਔਰਤਾਂ ਦੀ ਜਾਨ ਜਾ ਰਹੀ ਹੈ। ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਜ਼ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਵੱਲੋਂ ਤਾਜ਼ਾ ਅੰਕੜਿਆਂ ਨੂੰ ਹੌਲਨਾਕ ਕਰਾਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਤਾਂਕਿ ਜ਼ਰੂਰਤ ਮਹਿਸੂਸ ਹੋਣ ’ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੀ। ਸੂਬੇ ਵਿਚ ਅੱਠ ਸਾਲ ਪਹਿਲਾਂ ਪਬਲਿਕ ਹੈਲਥ ਐਮਰਜੰਸੀ ਐਲਾਨੇ ਜਾਣ ਮਗਰੋਂ ਤਕਰੀਬਨ 15 ਹਜ਼ਾਰ ਜਾਨਾਂ ਜਾ ਚੁੱਕੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਬ੍ਰਿਿਟਸ਼ ਕੋਲੰਬੀਆ ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 182 ਜਣਿਆਂ ਦੀ ਮੌਤ ਹੋਈ ਅਤੇ ਇਹ ਅੰਕੜਾ ਅਪ੍ਰੈਲ 2023 ਦੇ ਮੁਕਾਬਲੇ 24 ਫੀ ਸਦੀ ਘੱਟ ਬਣਦਾ ਹੈ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਕੁਝ ਲੋਕ ਓਵਰਡੋਜ਼ ਦੇ ਅਸਰ ਤੋਂ ਬਚ ਜਾਂਦੇ ਹਨ ਪਰ ਦਿਮਾਗ ਨੂੰ ਐਨਾ ਜ਼ਿਆਦਾ ਨੁਕਸਾਨ ਪੁੱਜਦਾ ਹੈ ਕਿ ਸਬੰਧਤ ਸ਼ਖਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ ਜਿਨ੍ਹਾਂ ਨੂੰ 10 ਵਾਰ ਤੋਂ ਵੱਧ ਐਮਰਜੰਸੀ ਰੂਮ ਜਾਣਾ ਪਿਆ ਜਦਕਿ ਇਕ ਸ਼ਖਸ 180 ਵਾਰ ਐਮਰਜੰਸੀ ਰੂਮ ਗਿਆ।