ਮੁਹਾਲੀ ਦੀ ਦੀਪਤੀ ਬਬੂਟਾ ਨੇ 25,000 ਕੈਨੇਡੀਅਨ ਡਾਲਰ ਦਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ ਜਿੱਤਣ ਵਾਲੀ ਪਹਿਲੀ ਲੇਖਿਕਾ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉਸ ਦੇ ਨਾਲ ਜਮੀਲ ਅਹਿਮਦ ਪਾਲ ਅਤੇ ਬਲੀਜੀਤ ਨੂੰ ਦੋ ਫਾਈਨਲਿਸਟਾਂ ਵਜੋਂ 10-10 ਹਜ਼ਾਰ ਡਾਲਰ ਦੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
ਬਬੂਟਾ (ਮੁਹਾਲੀ, ਪੰਜਾਬ, ਭਾਰਤ) ਨੂੰ ਉਸ ਦੇ ਕਹਾਣੀ ਸੰਗ੍ਰਹਿ, ‘ਭੁੱਖ ਇਉਂ ਸਾਹ ਲੈਂਦੀ ਹੈ’ ਲਈ ਜੇਤੂ ਇਨਾਮ ਮਿਲਿਆ। ਢਾਹਾਂ ਇਨਾਮ ਪੰਜਾਬੀ ਜ਼ੁਬਾਨ ਵਿੱਚ ਗਲਪ ਕਿਤਾਬਾਂ ਲਈ ਸਭ ਤੋਂ ਵੱਡਾ ਗਲੋਬਲ ਸਾਹਿਤਕ ਪੁਰਸਕਾਰ ਹੈ। ਅੱਜ ਤੱਕ ਇਸ ਕਿਸਮ ਦਾ ਕੋਈ ਹੋਰ ਇਨਾਮ ਕਿਸੇ ਮਹਿਲਾ ਲੇਖਕ ਨੂੰ ਨਹੀਂ ਮਿਲਿਆ ਹੈ।
10ਵਾਂ ਸਾਲਾਨਾ ਢਾਹਾਂ ਪੁਰਸਕਾਰ ਪੰਜਾਬੀ ਸਾਹਿਤ ਸਮਾਰੋਹ ਸਰੀ ਦੇ ਨੌਰਥਵਿਊ ਗੌਲਫ਼ ਐਂਡ ਕੰਟਰੀ ਕਲੱਬ ਵਿਖੇ 16 ਨਵੰਬਰ, 2023 ਨੂੰ ਕੀਤਾ ਗਿਆ। ਇਸ ਸਮਾਗਮ ਦੌਰਾਨ ਐਵਾਰਡੀਆਂ ਉਨ੍ਹਾਂ ਦੇ ਪੁਰਸਕਾਰਾਂ ਅਤੇ ਕਲਾਕਾਰ ਦੇ ਹੱਥੀਂ ਤਿਆਰ ਕੀਤੀਆਂ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ ਅਤੇ ਸਰੀ ਸ਼ਹਿਰ ਦੀ ਮੇਅਰ ਬਰੈਂਡਾ ਲੌਕ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ “ਪੰਜਾਬੀ ਸਾਹਿਤ ਹਫ਼ਤਾ” ਦੇ ਐਲਾਨਾਂ ਦੀ ਪੇਸ਼ਕਾਰੀ ਵੀ ਇਸ ਸਮਾਗਮ ਦਾ ਹਿੱਸਾ ਬਣੀ।
ਢਾਹਾਂ ਪ੍ਰਾਈਜ਼ ਦੇ ਬਾਨੀ ਬਾਰਜ ਢਾਹਾਂ ਨੇ ਕਿਹਾ ਕਿ “ਪੰਜਾਬੀ ਕਲਾ ਅਤੇ ਸਾਹਿਤਕ ਖੇਤਰਾਂ ਵਿੱਚ ਔਰਤਾਂ ਨੂੰ ਅਕਸਰ ਘੱਟ ਨੁਮਾਇੰਦਗੀ ਦਿੱਤੀ ਜਾਂਦੀ ਹੈ। ਅਸੀਂ ਇਸ ਦੀ ਸ਼ੁਰੂਆਤ ਇੱਕ ਖੁੱਲ੍ਹੀ ਪ੍ਰਣਾਲੀ ਨਾਲ ਕੀਤੀ ਹੈ ਤਾਂ ਜੋ ਪੰਜਾਬੀ ਬੋਲੀ ਵਿੱਚ ਕਿਸੇ ਵੀ ਪਿਛੋਕੜ ਵਾਲੇ ਲੇਖਕ ਵੱਲੋਂ ਗਲਪ ਦੀਆਂ ਨਵੀਆਂ ਰਚਨਾਵਾਂ ਨੂੰ ਵਿਚਾਰਿਆ ਜਾ ਸਕੇ। ਸਾਨੂੰ ਇਹ ਕਹਿੰਦੇ ਮਾਣ ਮਹਿਸੂਸ ਹੋ ਰਿਹਾ ਹੈ ਕਿ 10 ਸਾਲਾਂ ਬਾਅਦ ਅਸੀਂ ਆਪਣੀ ਪਹਿਲੀ ਮਹਿਲਾ ਜੇਤੂ ਦਾ ਐਲਾਨ ਕਰ ਰਹੇ ਹਾਂ, ਜੋ ਕਿ ਸਿਰਫ ਰਚੇ ਹੋਏ ਸਾਹਿਤ ਦੀ ਗੁਣਵੱਤਾ ਦੇ ਆਧਾਰ ’ਤੇ ਹੈ।