ਤੇਲ ਅਵੀਵ, ਇਜ਼ਰਾਈਲ ( ਕੁਲਤਰਨ ਸਿੰਘ ਪਧਿਆਣਾ) : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕੀ ਧਰਤੀ ‘ਤੇ ਇਕ ਸਿੱਖ ਕਾਰਕੁੰਨ ਤੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਿਚ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦੇ ਦੋਸ਼ਾਂ ਦੀ ਜਾਂਚ ਭਾਰਤ ਵੱਲੋ ਕਰਵਾਉਣ ਲਈ ਮੰਨਣਾ ਇੱਕ ਲਈ ਉਚਿਤ ਕਦਮ ਹੈ। ਬਲਿੰਕਨ ਨੇ ਤੇਲ ਅਵੀਵ ਵਿੱਚ ਆਪਣੇ ਨਾਲ ਮੌਜੂਦ ਪੱਤਰਕਾਰਾਂ ਨੂੰ ਕਿਹਾ ਹੈ ਕਿ , “ਭਾਰਤ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਜਾਂਚ ਕਰ ਰਹੀ ਹੈ, ਇਹ ਇੱਕ ਚੰਗੀ ਅਤੇ ਉਚਿਤ ਸ਼ੁਰੂਆਤ ਹੈ। ਅਸੀਂ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰਾਂਗੇ।”

ਬਲਿੰਕਨ ਇਸ ਮਾਮਲੇ ‘ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨੀ ਮਾਮਲਾ ਹੈ। ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਮੈਂ ਇਸ ਬਾਰੇ ਵਿਸਥਾਰ ਨਾਲ ਚਰਚਾ ਨਹੀਂ ਕਰ ਸਕਦਾ। ਮੈਂ ਕਹਿ ਸਕਦਾ ਹਾਂ ਕਿ ਅਸੀਂ ਇਸ ਨੂੰ ਬਹੁਤ ਹੀ ਜਿਆਦਾ ਗੰਭੀਰਤਾ ਨਾਲ ਲੈ ਰਹੇ ਹਾਂ। ਅਸੀਂ ਪਿਛਲੇ ਹਫ਼਼ਤਿਆਂ ਵਿੱਚ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਹੈ।” ਭਾਰਤ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਨਾਲ ਸਬੰਧਤ ਦੋਸ਼ਾਂ ਦੀ ਜਾਂਚ ਲਈ ਇੱਕ ਜਾਂਚ ਟੀਮ ਦਾ ਗਠਨ ਕੀਤਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਨਿਖਿਲ ਗੁਪਤਾ ਨਾਮ ਦੇ ਭਾਰਤੀ ਨਾਗਰਿਕ ਉਪਰ ਬਕਾਇਦਾ ਅਮਰੀਕਾ ਵਿਚ ਦੋਸ਼ ਲਗਾਏ ਗਏ ਹਨ ਅਤੇ ਇਸ ਦੀਆਂ ਤਾਰਾ ਭਾਰਤੀ ਏਜਸੀਆਂ ਨਾਲ ਜੁੜ ਰਹੀਆਂ ਹਨ।