ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ , ਜੋ ਪਹਿਲਾਂ ‘ਪੰਜਾਬ 95’ ਨਾਮ ਨਾਲ ਰਿਲੀਜ਼ ਹੋਣ ਵਾਲੀ ਸੀ, ਨੂੰ ਬੀਤੀ 3 ਜੁਲਾਈ, 2026 ਨੂੰ OTT ਪਲੇਟਫਾਰਮ ਜ਼ੀ5 (Zee5) ‘ਤੇ ਰਿਲੀਜ਼ ਕੀਤਾ ਗਿਆ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਇਸ ਬਾਇਓਗ੍ਰਾਫੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਚੰਗਾ ਹੁੰਗਾਰਾ ਮਿਲ ਰਿਹਾ ਸੀ, ਪਰ ਹਾਲ ਹੀ ਵਿੱਚ ਅਚਾਨਕ ਹੀ ਫ਼ਿਲਮ ਨੂੰ ਜ਼ੀ5 ਤੋਂ ਹਟਾ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ OTT ਪਲੇਟਫਾਰਮ ਤੋਂ ਸਤਲੁਜ ਫਿਲਮ ਹਟਾਏ ਜਾਣ ਨੂੰ ਮੰਦਭਾਗਾ ਦੱਸਿਆ ਹੈ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਟਵੀਟ ਸਾਂਝਾ ਕੀਤਾ ਜਿਸ ‘ਚ ਉਨ੍ਹਾਂ ਨੇ ਕਿਹਾ ਕਿ “ਸੱਚ ਦੀ ਆਵਾਜ਼ ‘ਤੇ ਹਮਲਾ – ਸਤਲੁਜ ਫਿਲਮ ਨੂੰ ਭਾਰਤ ‘ਚੋਂ ਹਟਾਉਣਾ ਮੰਦਭਾਗਾ!
ਇੱਕ ਵਾਰ ਫਿਰ ਸਰਕਾਰ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਰਨਲ ਸਕੱਤਰ, ਸ਼੍ਰੋਮਣੀ ਅਕਾਲੀ ਦਲ (ਮਨੁੱਖੀ ਅਧਿਕਾਰ ਵਿੰਗ) ਦੀ ਮਹਾਨ ਕੁਰਬਾਨੀ ਨੂੰ ਦਰਸਾਉਂਦੀ ਫਿਲਮ ਸਤਲੁਜ (ਪੰਜਾਬ 95) ਨੂੰ ਭਾਰਤ ਵਿੱਚੋਂ ਹਟਾ ਦਿੱਤਾ ਹੈ।ਤਿੰਨ ਦਿਨ ਪਹਿਲਾਂ Zee ਪਲੇਟਫਾਰਮ ‘ਤੇ ਰਿਲੀਜ਼ ਹੋਈ ਇਹ ਫਿਲਮ ਪੰਜਾਬੀਆਂ ਦੇ ਮਨਾਂ ‘ਤੇ ਡੂੰਘਾ ਅਸਰ ਛੱਡ ਰਹੀ ਸੀ ਜਿਸਨੂੰ ਦੇਖ ਸਰਕਾਰ ਘਬਰਾ ਗਈ ਤੇ ਇਸਨੂੰ ਹਟਾ ਦਿੱਤਾ ਗਿਆ।ਇਹ ਸੱਚ ਅਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੈ, ਪਹਿਲਾਂ ਵੀ ਇਹ ਫਿਲਮ 4ਸਾਲਾਂ ਤੋਂ ਰਿਲੀਜ਼ ਨਹੀਂ ਕੀਤੀ ਜਾਣ ਦਿੱਤੀ ਪਰ ਹੁਣ ਜਦ ਹੋਈ ਤਾਂ ਇਸਨੂੰ ਬੈਨ ਕਰ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਨੇ 1990 ਦੇ ਕਾਲੇ ਦੌਰ ਵਿੱਚ ਕਾਂਗਰਸੀ ਹਕੂਮਤ ਵੱਲੋਂ ਸਾਡੇ ਸਿੱਖ ਨੌਜਵਾਨਾਂ ਨੂੰ ਜਿਸ ਤਰੀਕੇ ਮਾਰ ਖਪਾਇਆ, ਉਸਦਾ ਕੱਚਾ ਚਿੱਠਾ ਦੁਨੀਆਂ ਸਾਹਮਣੇ ਰੱਖਿਆ, ਜਿਸਨੂੰ ਅੱਜ ਵੀ ਸਰਕਾਰਾਂ ਦਬਾਉਣ ਦਾ ਯਤਨ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਫਿਲਮ ‘ਤੇ ਲੱਗੀ ਪਾਬੰਦੀ ਦਾ ਸਖ਼ਤ ਵਿਰੋਧ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਇਸ ਪਾਬੰਦੀ ਨੂੰ ਤੁਰੰਤ ਹਟਾਇਆ ਜਾਵੇ।”

ਦੱਸ ਦਈਏ ਕਿ ਓਟੀਟੀ ਪਲੇਟਫਾਰਮ ਨੇ ਵੀ ਇੱਕ ਪੋਸਟ ਸਾਂਝੀ ਕਰ ਕੇ ਫ਼ਿਲਮ ਦੇ ਅਚਾਨਕ ਓਟੀਟੀ ‘ਤੇ ਨਾ ਦਿਖਣ ਦਾ ਕਾਰਨ ਦੱਸਿਆ । ਓਟੀਟੀ ਪਲੇਟਫਾਰਮ ਜ਼ੀ5 ਨੇ ਪੁਸ਼ਟੀ ਕੀਤੀ ਕਿ ਹੁਣ ‘ਸਤਲੁਜ’ ਨੂੰ ਅਗਲੇ ਹੁਕਮਾਂ ਤੱਕ ਹਟਾ ਦਿੱਤਾ ਗਿਆ ਹੈ। ਔਨਲਾਈਨ ਸਟ੍ਰੀਮਿੰਗ ਪਲੇਟਫਾਰਮ ਜ਼ੀ5 ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਪੁਸ਼ਟੀ ਕੀਤੀ ਕਿ ਭਾਰਤ ਵਿੱਚ ‘ਸਤਲੁਜ’ ਨੂੰ ਅਗਲੇ ਹੁਕਮਾਂ ਤੱਕ ਹਟਾ ਦਿੱਤਾ ਗਿਆ ਹੈ।

ਜੀ5 ਨੇ ਆਪਣੀ ਅਧਿਕਾਰਤ ਪੋਸਟ ਵਿੱਚ ਲਿਖਿਆ ਕਿ ‘ਸਤਲੁਜ’ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ। ਉਨ੍ਹਾਂ ਨੇ ਫ਼ਿਲਮ ਦੇਖਣ ਵਾਲੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ। ਇਸੇ ਪੋਸਟ ਵਿੱਚ ਜੀ5 ਨੇ ਲਿਖਿਆ ਕਿ ਉਹ ‘ਸਤਲੁਜ’ ਅਤੇ ਉਸਦੀ ਕ੍ਰਿਏਟਿਵ ਟੀਮ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਗਲੇ ਨੋਟਿਸ ਤੱਕ ਇਹ ਫ਼ਿਲਮ ਭਾਰਤ ਵਿੱਚ ਦਰਸ਼ਕਾਂ ਲਈ ਉਪਲਬਧ ਨਹੀਂ ਹੋਵੇਗੀ। ZEE5 ਨੇ ਕਿਹਾ ਕਿ ਉਹ ਭਾਰਤ ਵਿੱਚ ਦਰਸ਼ਕਾਂ ਤੱਕ ਫਿਲਮ ਨੂੰ ਵਾਪਸ ਲਿਆਉਣ ਦੇ ਤਰੀਕੇ ਤਲਾਸ਼ ਰਹੇ ਹਨ।