ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਥਲ ਵਿੱਚ ਦੋ ਨੌਜਵਾਨਾਂ ਵੱਲੋਂ ਇੱਕ ਸਿੱਖ ਨੌਜਵਾਨ ਨੂੰ ‘ਖਾਲਿਸਤਾਨੀ’ ਕਹਿ ਕੇ ਕੀਤੇ ਹਮਲੇ ਦੀ ਘਟਨਾ ਨੂੰ ਲੈ ਕੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਹਰਿਆਣਾ ਦੇ ਕੈਥਲ ਵਿਚ ਇਕ ਸਿੱਖ ਨੌਜਵਾਨ ‘ਤੇ ਹੋਇਆ ਇਹ ਹਮਲਾ ਪੰਜਾਬੀਆਂ ਦੇ ਖਿਲਾਫ ਨਫਰਤ ਭਰੇ ਭਾਸ਼ਣ ਦਾ ਨਤੀਜਾ ਹੈ।

ਦਰਅਸਲ ‘ਚ ਬੀਤੀ ਰਾਤ ਹਰਿਆਣਾ ਦੇ ਕੈਥਲ ‘ਚ ਦੋ ਸ਼ਰਾਰਤੀ ਅਨਸਰਾਂ ਨੇ ਇੱਕ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਬੁਰੀ ਤਰ੍ਹਾਂ ਕੁੱਟਿਆ। ਮੁਲਜ਼ਮਾਂ ਨੇ ਸੜਕ ਕਿਨਾਰੇ ਇੱਕ ਇੱਟ ਚੁੱਕ ਲਈ ਅਤੇ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੜੀ ਮੁਸ਼ਕਲ ਨਾਲ ਇਕ ਰਾਹਗੀਰ ਨੇ ਦਖਲ ਦੇ ਕੇ ਜ਼ਖਮੀ ਸਿੱਖ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਕਰੀਬੀ ਨਿਗਰਾਨੀ ਹੇਠ ਰੱਖਿਆ ਹੈ। ਡਾਕਟਰਾਂ ਅਨੁਸਾਰ ਪੀੜਤ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ।

ਇਸ ਘਟਨਾ ਤੋਂ ਬਾਅਦ ਪੀੜਤ ਨੌਜਵਾਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪੀੜਤ ਨੌਜਵਾਨ ਨੇ ਆਪਣੀ ਪਛਾਣ ਸੁਖਵਿੰਦਰ ਸਿੰਘ ਵਾਸੀ ਕੈਥਲ ਵਜੋਂ ਦੱਸੀ ਹੈ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਬਾਈਕ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਉਸ ਨੂੰ ਖਾਲਿਸਤਾਨੀ ਕਹਿ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਉਸਨੇ ਇਸ ਨੂੰ ਨਜ਼ਰਅੰਦਾਜ਼ ਕੀਤਾ। ਇਸ ਦੇ ਬਾਵਜੂਦ ਮੁਲਜ਼ਮ ਉਸ ਦਾ ਪਿੱਛਾ ਕਰਦੇ ਰਹੇ ਅਤੇ ਸਾਹਮਣੇ ਤੋਂ ਉਸ ਨੂੰ ਘੇਰ ਲਿਆ।

ਮੁਲਜ਼ਮ ਉਸ ਨਾਲ ਕੁੱਟਮਾਰ ਕਰਨ ਲੱਗੇ। ਉਨ੍ਹਾਂ ਨੇ ਉਸ ਨੂੰ ਖਾਲਿਸਤਾਨੀ ਕਹਿ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਆਰੋਪੀਆਂ ਨੇ ਉਸ ਨੂੰ ਇਹ ਕਹਿ ਕੇ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਪਹਿਲਾਂ ਵੀ ਕਤਲ ਕਰ ਚੁੱਕਾ ਹੈ। ਮੁਲਜ਼ਮ ਨੇ ਸੜਕ ਕਿਨਾਰੇ ਪਈ ਇੱਕ ਇੱਟ ਚੁੱਕ ਲਈ ਤਾਂ ਪੀੜਤ ਨੇ ਵਿਰੋਧ ਕੀਤਾ ਅਤੇ ਉਸ ’ਤੇ ਜ਼ਬਰਦਸਤੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਤਫ਼ਾਕ ਨਾਲ ਇਕ ਰਾਹਗੀਰ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਪੀੜਤ ਦੀ ਜਾਨ ਬਚਾਈ।

ਦੱਸ ਦੇਈਏ ਕਿ ਪਿਛਲੇ ਦਿਨੀਂ ਚੰਡੀਗੜ੍ਹ ਹਵਾਈ ਅੱਡੇ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਜਵਾਨ ਕੁਲਵਿੰਦਰ ਕੌਰ ਦੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਕਿਹਾ ਸੀ ਕਿ ਪੰਜਾਬ ‘ਚ ਅੱਤਵਾਦ ਅਤੇ ਉਗਰਵਾਦ ਵਧ ਰਿਹਾ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ।