ਦਿੱਲੀ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਆਤਿਸ਼ੀ ਨੇ ਅੱਜ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੇ ਚਾਰਜ ਸੰਭਾਲਣ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਇਹ ਸੀ ਕਿ ਉਨ੍ਹਾਂ ਨੇ ਬੈਠਣ ਲਈ ਨਵੀਂ ਕੁਰਸੀ ਦੀ ਚੋਣ ਕੀਤੀ। ਉਹ ਅਰਵਿੰਦ ਕੇਜਰੀਵਾਲ ਦੀ ਕੁਰਸੀ ‘ਤੇ ਨਹੀਂ ਬੈਠੇਗੀ। ਉਨ੍ਹਾਂ ਨੇ ਕੇਜਰੀਵਾਲ ਲਈ ਉਹ ਕੁਰਸੀ ਖਾਲੀ ਰੱਖੀ ਹੈ।
ਉਨ੍ਹਾਂ ਕਿਹਾ, “ਅੱਜ ਮੈਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅੱਜ ਮੇਰੇ ਦਿਲ ਵਿੱਚ ਉਹੀ ਦਰਦ ਹੈ ਜੋ ਭਰਤ ਜੀ ਨੂੰ ਸੀ। ਜਿਸ ਤਰ੍ਹਾਂ ਭਾਰਤ ਜੀ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਖੜਾਵਾਂ ਰੱਖ ਕੇ ਰਾਜਗੱਦੀ ਸੰਭਾਲੀ ਸੀ, ਉਸੇ ਤਰ੍ਹਾਂ ਮੈਂ ਅਗਲੇ 4 ਮਹੀਨੇ ਸੀਐਮ ਦੀ ਕੁਰਸੀ ਸੰਭਾਲਾਂਗੀ।” ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਵਿੱਚ ਸਵੈਮਾਣ ਅਤੇ ਨੈਤਿਕਤਾ ਦੀ ਮਿਸਾਲ ਕਾਇਮ ਕੀਤੀ ਹੈ।
ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਉਮੀਦ ਹੈ ਕਿ ਫਰਵਰੀ ਵਿੱਚ ਪ੍ਰਸਤਾਵਿਤ ਚੋਣਾਂ ਵਿੱਚ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਵਾਪਸ ਲੈ ਕੇ ਆਉਣਗੇ, ਉਦੋਂ ਤੱਕ ਉਨ੍ਹਾਂ ਦੀ ਕੁਰਸੀ ਮੁੱਖ ਮੰਤਰੀ ਦਫ਼ਤਰ ਵਿੱਚ ਹੀ ਰਹੇਗੀ। ਉਨ੍ਹਾਂ ਕਿਹਾ ਕਿ ਖਾਲੀ ਕੁਰਸੀ ਨੂੰ ਕੇਜਰੀਵਾਲ ਦੀ ਉਡੀਕ ਰਹੇਗੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਇਕ ਵਾਰ ਫਿਰ ਇਸ ਕੁਰਸੀ ‘ਤੇ ਬੈਠਣਗੇ।