ਅੰਮ੍ਰਿਤਸਰ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਪੰਜਾਬ ਪੁਲਿਸ ਦੇ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ASI ਸਰੂਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ASI ਅੰਮ੍ਰਿਤਸਰ ਦੇਹਾਤ ਥਾਣੇ ਦੇ ਪਿੰਡ ਜੰਡਿਆਲਾ ਗੁਰੂ ਕੀ ਚੌਕ ਨਵਾਂ ਵਿਖੇ ਤਾਇਨਾਤ ਸੀ। ਪੁਲਿਸ ਨੇ ਕਤਲ ਅਤੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਰੀ ਅਨੁਸਾਰ ਸ਼ੁੱਕਰਵਾਰ ਨੂੰ ਜਦੋਂ ASI ਆਪਣੀ ਗੱਡੀ ‘ਚ ਸਵਾਰ ਹੋ ਕੇ ਡਿਊਟੀ ਤੇ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਪਿੱਛੋਂ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਜਿੱਥੇ ਇਹ ਵਾਰਦਾਤ ਵਾਪਰੀ ਹੈ ਉਹ ਇੱਕ ਇੰਡਸਟਰੀ ਜੋਨ ਹੈ। ਇੱਥੇ ਬਹੁਤ ਘੱਟ ਲੋਕਾਂ ਦਾ ਆਣਾ ਜਾਣਾ ਹੁੰਦਾ ਹੈ। ਇਸ ਕਾਰਨ ਕਿਸੇ ਨੂੰ ਵਾਰਦਾਤ ਦਾ ਪਤਾ ਨਹੀਂ ਲੱਗਿਆ।
ਮਾਮਲੇ ਦੀ ਜਾਣਕਾਰੀ ਰਾਹਗੀਰ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਅਮ੍ਰਿਤਸਰ ਦੇਹਾਤ ਪੁਲਿਸ ਦੇ SP-D (ਇਨਵੈਸਟੀਗੇਸ਼ਨ) ਜਾਂਚ ਲਈ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਥੋੜ੍ਹੀ ਦੂਰੀ ’ਤੇ ਲੱਗੇ ਕੁਝ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ, ਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।