ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੋਂ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਪੰਜਾਬੀ ਆਪਣੀ ਕਾਬਲੀਅਤ ਦੇ ਬਲਬੂਤੇ ‘ਤੇ ਵਿਦੇਸ਼ਾਂ ਵਿਚ ਵੱਡਾ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਸਿਆਸਤ ਤੋਂ ਲੈ ਕੇ ਵਪਾਰ ਦੇ ਖੇਤਰ ਵਿਚ ਪੰਜਾਬੀਆਂ ਦਾ ਚੰਗਾ ਪ੍ਰਭਾਵ ਹੈ। ਕੈਨੇਡਾ, ਯੂਕੇ ਅਤੇ ਅਮਰੀਕਾ ਵਿਚ ਹਰ ਥਾਂ ਪੰਜਾਬੀ ਹਨ। ਇਨ੍ਹਾਂ ਮੁਲਕਾਂ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਪੰਜਾਬ ਮੂਲ ਦੇ ਲੋਕ ਅਹਿਮ ਭੂਮਿਕਾ ਨਿਭਾ ਰਹੇ ਹਨ। ਭਾਰਤ ਤੋਂ ਵਿਦੇਸ਼ਾਂ ਵਿਚ ਪੜ੍ਹਣ ਵਾਲੇ ਬੱਚਿਆਂ ਵਿਚ ਸਭ ਤੋਂ ਵੱਧ ਪੰਜਾਬੀ ਨੌਜਵਾਨ ਹਨ।
ਅਜਿਹੀ ਹੀ ਇਕ ਵੱਡੀ ਉਪਲਬਧੀ ਪੰਜਾਬ ਦੇ ਗੁਰਸਿੱਖ ਨੌਜਵਾਨ ਨੇ ਹਾਸਲ ਕੀਤੀ ਹੈ। ਅਰਸ਼ਦੀਪ ਸਿੰਘ ਜੋ ਕਿ ਪੱਟੀ ਦੇ ਪਿੰਡ ਠੱਕਪੁਰਾ ਦਾ ਜੰਮਪਲ ਹੈ, ਕੈਨੇਡਾ ਪੁਲਿਸ ਵਿਚ ਭਰਤੀ ਹੋਇਆ ਹੈ ਤੇ ਕੈਨੇਡਾ ਦੇ ਸ਼ਹਿਰ ਤੂਨੀਆ ਵਿਚ ਡਿਊਟੀ ਨਿਭਾਏਗਾ। ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਨੇ ਆਪਣੀ ਸਿੱਖਿਆ ਖਡੂਰ ਸਾਹਿਬ ਵਿਖੇ ਚੱਲ ਰਹੇ ਨਿਸ਼ਾਨ-ਏ-ਸਿੱਖੀ ਅਕੈਡਮੀ ਤੋਂ ਹਾਸਲ ਕੀਤੀ ਤੇ ਹਮੇਸ਼ਾ ਪਹਿਲੇ ਨੰਬਰ ‘ਤੇ ਆਉਂਦਾ ਰਿਹਾ। ਅਕੈਡਮੀ ਵਿਚ NDA ਦੀ ਪੜ੍ਹਾਈ ਕਰਕੇ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਸਿਲੈਕਸ਼ਨ ਸਮੇਂ ਉਸ ਦਾ ਦੂਜਾ ਨੰਬਰ ਆ ਗਿਆ ਸੀ ਜਿਸ ਕਰਕੇ ਉਸ ਨੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਤੇ ਉਥੇ ਜਾ ਕੇ ਕੈਨੇਡਾ ਪੁਲਿਸ ਵਿਚ ਭਰਤੀ ਹੋ ਗਿਆ।