ਟੈਕਸਸ, 26 ਅਪ੍ਰੈਲ, ਨਿਰਮਲ : ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੈਨ ਐਂਟੋਨਿਓ ਵਿਚ ਵਾਪਰੀ ਜਿੱਥੇ ਪੁਲਿਸ ਨੇ ਨੌਜਵਾਨ ਨੂੰ ਗੋਲੀ ਮਾਰੀ। ਇਹ ਘਟਨਾ 21 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦਾ ਨਾਂ ਸਚਿਨ ਸਾਹੂ ਦੱਸਿਆ ਜਾ ਰਿਹਾ। ਜੋ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਸੈਨ ਐਂਟੋਨਿਓ ਪੁਲਿਸ ਮੁਤਾਬਕ ਸਚਿਨ ਨੇ 51 ਸਾਲ ਦੀ ਅਪਣੀ ਰੂਮਮੇਟ ਨੁੂੰ ਗੱਡੀ ਰਾਹੀਂ ਟੱਕਰ ਮਾਰ ਦਿੱਤੀ ਸੀ। ਟੱਕਰ ਮਾਰਨ ਤੋਂ ਬਾਅਦ ਉਹ ਉਥੋਂ ਭੱਜ ਗਿਆ ਸੀ। ਪੀੜਤਾ ਦੀ ਹਾਲਤ ਗੰਭੀਰ ਹੈ। ਇਸ ਮਾਮਲੇ ਵਿਚ ਪੁਲਿਸ ਸਚਿਨ ਖ਼ਿਲਾਫ਼ ਜਾਂਚ ਕਰ ਰਹੀ ਸੀ। ਸਚਿਨ ਖ਼ਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। 21 ਅਪ੍ਰੈਲ ਨੂੰ ਸ਼ਾਮ 6.30 ਵਜੇ ਪੁਲਿਸ ਉਸ ਦੇ ਘਰ ਸੈਨ ਐਂਟੋਨਿਓ ਦੇ ਚੇਵਿਓਟ ਹਾਈਟਸ ਪਹੁੰਚੀ ਤਾਂ ਸਚਿਨ ਉਥੋਂ ਭੱਜ ਗਿਆ।
ਕੁਝ ਹੀ ਘੰਟੇ ਬਾਅਦ ਸਚਿਨ ਦੇ ਗੁਆਂਢੀਆਂ ਨੇ ਉਸ ਦੇ ਘਰ ’ਤੇ ਮੌਜੂਦ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਉਥੇ ਪਹੁੰਚੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਅਪਣੀ ਗੱਡੀ ਨਾਲ ਦੋ ਪੁਲਿਸ ਅਫ਼ਸਰਾਂ ਨੂੰ ਟੱਕਰ ਮਾਰੀ।

ਉਸੇ ਸਮੇਂ ਉੱਥੇ ਮੌਜੂਦ ਪੁਲਿਸ ਅਧਿਕਾਰੀ ਟਾਈਲਰ ਟਰਨਰ ਨੇ ਸਾਹੂ ’ਤੇ ਗੋਲੀ ਚਲਾ ਦਿੱਤੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਇਕ ਹੋਰ ਅਧਿਕਾਰੀ ਜ਼ੇਰੇ ਇਲਾਜ ਹੈ। ਅਮਰੀਕਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਨ੍ਹਾਂ ਹਮਲਿਆਂ ’ਤੇ ਇਸ ਸਾਲ ਫਰਵਰੀ ’ਚ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਅਮਰੀਕਾ ’ਚ ਨਸਲ, ਲਿੰਗ ਜਾਂ ਕਿਸੇ ਹੋਰ ਆਧਾਰ ’ਤੇ ਹਿੰਸਾ ਅਸਵੀਕਾਰਨਯੋਗ ਹੈ।

ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।ਵ੍ਹਾਈਟ ਹਾਊਸ ਦੇ ਬੁਲਾਰੇ ਜੌਨ ਕਿਰਬੀ ਨੂੰ ਭਾਰਤੀ ਵਿਦਿਆਰਥੀਆਂ ’ਤੇ ਹਮਲਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕਾ ਭੇਜਣ ਨੂੰ ਲੈ ਕੇ ਮਾਪਿਆਂ ਦੀਆਂ ਚਿੰਤਾਵਾਂ ਬਾਰੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਮਰੀਕਾ ’ਚ ਨਿਸ਼ਚਿਤ ਤੌਰ ’ਤੇ ਨਸਲ, ਲਿੰਗ, ਧਰਮ ਜਾਂ ਹਿੰਸਾ ਲਈ ਕਿਸੇ ਵੀ ਤਰ੍ਹਾਂ ਦਾ ਬਹਾਨਾ ਬਿਲਕੁਲ ਸਵੀਕਾਰ ਨਹੀਂ ਹੈ।