ਕੈਲਗਰੀ : ਕੈਲੇਡਨ ਦੇ ਇਕ ਘਰ ਵਿਚ ਸਿੱਖ ਜੋੜੇ ਦੀ ਹੱਤਿਆ ਨਾਲ ਮਿਲਦੀ ਜੁਲਦੀ ਵਾਰਦਾਤ ਕੈਲਗਰੀ ਵਿਖੇ ਸਾਹਮਣੇ ਆਈ ਹੈ। ਹਮਲਾਵਰਾਂ ਨੇ ਇਕ ਘਰ ਵਿਚ ਦਾਖਲ ਹੁੰਦਿਆਂ ਇਕ ਜਣੇ ਦੀ ਹਤਿਆ ਕਰ ਦਿਤੀ ਅਤੇ ਦੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਕੈਲਗਰੀ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਨੌਰਥ ਵੈਸਟ ਇਲਾਕੇ ਵਿਚ ਵਾਪਰੀ ਇਹ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ। ਬਰੈਂਟਵੁਡ ਕਮਿਊਨਿਟੀ ਦੇ ਬਰੇਡਨ ਕ੍ਰੈਸੈਂਟ ਵਿਖੇ ਵਾਪਰੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਇਕ ਲਾਸ਼ ਮਿਲੀ ਜਦਕਿ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿਚ ਸਨ।

ਪੁਲਿਸ ਦੀ ਹੌਮੀਸਾਈਡ ਯੂਨਿਟ ਦੇ ਸਟਾਫ ਸਾਰਜੈਂਟ ਸ਼ੌਨ ਗ੍ਰੈਗਸਨ ਨੇ ਕਿਹਾ ਕਿ ਬਿਨਾਂ ਸ਼ੱਕ ਵਾਰਦਤ ਨੂੰ ਗਿਣੀ ਮਿੱਥੀ ਸਾਜ਼ਿਸ਼ ਤਹਿਤ ਅੰਜਾਮ ਦਿਤਾ ਗਿਆ ਪਰ ਨਿਸ਼ਾਨਾ ਕੌਣ ਸੀ, ਇਹ ਜਾਣਕਾਰੀ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਗੁਆਂਢੀਆਂ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਘਰ ਵਿਚ ਇਕ ਬਜ਼ੁਰਗ ਜੋੜਾ ਰਹਿੰਦਾ ਸੀ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਪੁੱਤਰ ਵੀ ਆ ਕੇ ਰਹਿਣ ਲੱਗਾ। ਗੁਆਂਢ ਵਿਚ ਹੋਈ ਮੌਤ ਤੋਂ ਦੁਖੀ ਇਕ ਔਰਤ ਨੇ ਕਿਹਾ ਕਿ ਵੀਰਵਾਰ ਸਵੇਰੇ ਘਰ ਵਿਚ ਗੈਰਸਾਧਾਰਣ ਸਰਗਰਮੀਆਂ ਨਜ਼ਰ ਆ ਰਹੀਆਂ ਸਨ। ਕੁੱਤਾ ਲਗਾਤਾਰ ਭੌਂਕ ਰਿਹਾ ਸੀ ਜੋ ਅਕਸਰ ਅਜਿਹਾ ਨਹੀਂ ਕਰਦਾ। ਇਸੇ ਦੌਰਾਨ ਗ੍ਰੈਗਸਨ ਨੇ ਇਸ ਗੱਲ ਦੀ ਤਸਦੀਕ ਕਰ ਦਿਤਾ ਕਿ ਅਤੀਤ ਵਿਚ ਕਈ ਮੌਕਿਆਂ ’ਤੇ ਪੁਲਿਸ ਨੂੰ ਘਰ ਵਿਚ ਸੱਦਿਆ ਗਿਆ ਪਰ ਪਿਛਲੇ 12 ਮਹੀਨੇ ਵਿਚ ਸਿਰਫ ਇਕ ਵਾਰ ਹੀ ਪੁਲਿਸ ਇਸ ਘਰ ਵਿਚ ਆਈ। ਦੂਜੇ ਪਾਸੇ ਕੈਲਗਰੀ ਦੇ ਇਕ ਹੋਰ ਘਰ ’ਤੇ ਹਮਲਾ ਹੋਣ ਦੀ ਰਿਪੋਰਟ ਹੈ ਜਿਥੇ ਛੁਰੇਬਾਜ਼ੀ ਦੌਰਾਨ ਤਿੰਨ ਜਣੇ ਜ਼ਖਮੀ ਹੋ ਗਏ ਪਰ ਪੁਲਿਸ ਦੋਹਾਂ ਘਟਨਾਵਾਂ ਨੂੰ ਆਪਸ ਵਿਚ ਜੋੜ ਕੇ ਨਹੀਂ ਵੇਖ ਰਹੀ। ਪਹਿਲੇ ਘਰ ਵਿਚ ਮਰੇ ਸ਼ਖਸ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਪੁਲਿਸ ਵੱਲੋਂ ਪਛਾਣ ਜ਼ਾਹਰ ਕੀਤੀ ਜਾ ਸਕਦੀ ਹੈ। ਕੈਲਗਰੀ ਪੁਲਿਸ ਨੇ ਇਹ ਜਾਣਕਾਰੀ ਵੀ ਨਹੀਂ ਦਿਤੀ ਕਿ ਕਤਲ ਕਿਸ ਤਰੀਕੇ ਨਾਲ ਕੀਤਾ ਗਿਆ।