ਅਸਾਮ: ਅਸਾਮ ਦੇ ਜੋਰਹਾਟ ਸਥਿਤ ਰੌਰੀਆ ਇੰਡੀਅਨ ਏਅਰਬੇਸ ‘ਤੇ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਲੈਂਡਿੰਗ ਦੌਰਾਨ ਭਾਰਤੀ ਹਵਾਈ ਸੈਨਾ ਦਾ AN-32 ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ ਪਾਇਲਟ ਸਣੇ 5 ਜਵਾਨ ਸ਼ਹੀਦ ਹੋ ਗਏ, ਜਦਕਿ ਇੱਕ ਕੋ-ਪਾਇਲਟ ਜ਼ਖਮੀ ਹੋਇਆ ਹੈ।
ਲੈਂਡਿੰਗ ਦੌਰਾਨ ਵਾਪਰਿਆ ਹਾਦਸਾ
ਮੁੱਢਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਏਅਰਬੇਸ ‘ਤੇ ਉਤਰਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ ਉਹ ਦੋ ਹਿੱਸਿਆਂ ਵਿੱਚ ਟੁੱਟ ਗਿਆ। ਮੌਕੇ ‘ਤੇ ਤੁਰੰਤ ਐਮਰਜੈਂਸੀ ਪ੍ਰੋਟੋਕੋਲ ਲਾਗੂ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਅਤੇ ਫੌਜੀ ਟੀਮਾਂ ਨੇ ਅੱਗ ‘ਤੇ ਕਾਬੂ ਪਾਇਆ।
ਇਸ ਹਾਦਸੇ ਵਿੱਚ ਸਕੁਆਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟਿਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਸ਼ਹੀਦ ਹੋ ਗਏ।
ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ
ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਜਹਾਜ਼ ਰੁਟੀਨ ਉਡਾਣ ‘ਤੇ ਸੀ। ਹਾਦਸੇ ਦੇ ਅਸਲ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਵਾਈ ਸੈਨਾ ਨੇ ਅਪੀਲ ਕੀਤੀ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਅੰਦਾਜ਼ੇ ਨਾ ਲਗਾਏ ਜਾਣ। ਮਾਮਲੇ ਦੀ ਜਾਂਚ ਲਈ ਕੋਰਟ ਆਫ ਇਨਕਵਾਇਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਪਹਾੜੀ ਅਤੇ ਔਖੇ ਇਲਾਕਿਆਂ ਲਈ ਵਰਤਿਆ ਜਾਂਦਾ ਹੈ AN-32
AN-32 ਇੱਕ ਟੈਕਟੀਕਲ ਟਰਾਂਸਪੋਰਟ ਜਹਾਜ਼ ਹੈ, ਜਿਸਦੀ ਵਰਤੋਂ ਸੈਨਿਕਾਂ ਅਤੇ ਸਮਾਨ ਦੀ ਢੁਆਈ ਲਈ ਕੀਤੀ ਜਾਂਦੀ ਹੈ। ਇਹ ਜਹਾਜ਼ ਖਾਸ ਕਰਕੇ ਪਹਾੜੀ ਅਤੇ ਔਖੇ ਇਲਾਕਿਆਂ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਕਈ ਦਹਾਕਿਆਂ ਤੋਂ ਭਾਰਤੀ ਵਾਯੂ ਸੈਨਾ ਦਾ ਅਹਿਮ ਹਿੱਸਾ ਰਿਹਾ ਹੈ।














