ਨਵੀਂ ਦਿੱਲੀ: ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਦੇਸ਼ ਦੀ ਉਪ ਰਾਸ਼ਟਰਪਤੀ ਚੋਣ 2025 ਵਿੱਚ ਵੋਟ ਪਾਉਣ ਦੀ ਸਹੂਲਤ ਮਿਲੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਗ੍ਰਹਿ ਮੰਤਰਾਲੇ ਅਤੇ ਅਸਾਮ ਸਰਕਾਰ ਦੇ ਮੁੱਖ ਸਕੱਤਰ ਨੂੰ ਅੰਮ੍ਰਿਤਪਾਲ ਸਿੰਘ ਲਈ ਵੋਟਿੰਗ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅੰਮ੍ਰਿਤਪਾਲ ਸਿੰਘ ਉਪ ਰਾਸ਼ਟਰਪਤੀ ਚੋਣ ਲਈ ਇਲੈਕਟੋਰਲ ਕਾਲਜ ਦਾ ਮੈਂਬਰ ਵੀ ਹੈ।

ਚੋਣ ਪ੍ਰਕਿਰਿਆ ਅਨੁਸਾਰ, ਵੋਟਿੰਗ ਵਾਲੇ ਦਿਨ ਹਿਰਾਸਤ ਵਿੱਚ ਰਹਿੰਦੇ ਵੋਟਰਾਂ ਨੂੰ ਡਾਕ ਵੋਟ ਪੱਤਰ ਪ੍ਰਦਾਨ ਕੀਤਾ ਜਾਂਦਾ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਸੀਲਬੰਦ ਡਾਕ ਵੋਟ ਪੱਤਰ ਦਾ ਚੋਣ ਅਧਿਕਾਰੀ ਤੱਕ ਪਹੁੰਚਣਾ ਜ਼ਰੂਰੀ ਹੈ।

ਇਸ ਅਨੁਸਾਰ, ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਚਿੰਨ੍ਹਿਤ ਡਾਕ ਬੈਲਟ ਵਾਲਾ ਸੀਲਬੰਦ ਲਿਫਾਫਾ ਡਿਬਰੂਗੜ੍ਹ ਤੋਂ ਵਿਸ਼ੇਸ਼ ਮੈਸੇਂਜਰ ਰਾਹੀਂ ਹਵਾਈ ਜਹਾਜ਼ ਨਾਲ ਭੇਜਿਆ ਜਾਵੇ, ਤਾਂ ਜੋ ਇਹ 9 ਸਤੰਬਰ 2025 ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਚੋਣ ਅਧਿਕਾਰੀ ਤੱਕ ਪਹੁੰਚ ਜਾਵੇ। ਸਬੰਧਤ ਅਧਿਕਾਰੀਆਂ ਨੂੰ ਇਸ ਕੰਮ ਲਈ ਤੁਰੰਤ ਪ੍ਰਬੰਧ ਕਰਨ ਅਤੇ ਕਮਿਸ਼ਨ ਨੂੰ ਪੂਰੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅੰਮ੍ਰਿਤਪਾਲ ਸਿੰਘ ਦੀ ਮੌਜੂਦਾ ਸਥਿਤੀ

ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ, 1980 ਦੇ ਤਹਿਤ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਰੋਕਥਾਮ ਹਿਰਾਸਤ ਵਿੱਚ ਹੈ। ਹਾਲਾਂਕਿ, ਉਸ ਦਾ ਪਰਿਵਾਰ ਜਲਦੀ ਹੀ ਉਸ ’ਤੇ ਲਗਾਏ ਗਏ NSA ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਸਮੇਂ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ’ਤੇ ਲੱਗਿਆ NSA ਹਟਾ ਦਿੱਤਾ ਗਿਆ ਹੈ। ਨਾਲ ਹੀ, ਉਨ੍ਹਾਂ ਵਿਰੁੱਧ ਦਰਜ ਹੋਰ ਮਾਮਲਿਆਂ ਵਿੱਚ ਮੁਕੱਦਮਾ ਸ਼ੁਰੂ ਹੋ ਚੁੱਕਾ ਹੈ।