ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿਚ ਆਮਿਰ ਖਾਨ ਨੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਕਈ ਖੁਲਾਸੇ ਕੀਤੇ। ਇਸ ਮੌਕੇ ਉਨ੍ਹਾਂ ਨੇ ਪੰਜਾਬੀਆਂ ਦੀ ਜੰਮ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਕ ਮੁਸਲਿਮ ਹੋ ਕੇ ਉਨ੍ਹਾਂ ਨੂੰ ਨਮਸਤੇ ਕਰਨ ਦੀ ਤਾਕਤ ਬਾਰੇ ਉਦੋਂ ਪਤਾ ਲੱਗੀ ਜਦੋਂ ਉਹ ਪੰਜਾਬ ਦੇ ਇਕ ਪਿੰਡ ਵਿਚ ਫਿਲਮ ‘ਦੰਗਲ’ ਦੀ ਸ਼ੂਟਿੰਗ ਕਰ ਰਹੇ ਸਨ।
ਪੰਜਾਬ ਦੀ ਸੰਸਕ੍ਰਿਤੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਇਕ ਕਿੱਸਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਕਹਾਣੀ ਹੈ ਜੋ ਮੇਰੇ ਬਹੁਤ ਕਰੀਬ ਹੈ। ਅਸੀਂ ਪੰਜਾਬ ਵਿਚ ਰੰਗ ਦੇ ਬਸੰਤੀ ਦੀ ਸ਼ੂਟਿੰਗ ਕੀਤੀ ਤੇ ਮੈਨੂੰ ਉਥੇ ਬਹੁਤ ਚੰਗਾ ਲੱਗਾ। ਉਥੋਂ ਦੇ ਲੋਕ, ਪੰਜਾਬੀ ਸੱਭਿਆਚਾਰ ਪਿਆਰ ਨਾਲ ਭਰਪੂਰ ਹੈ। ਫਿਲਮ ‘ਦੰਗਲ’ ਦੀ ਸ਼ੂਟਿੰਗ ਅਸੀਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਵਿਚ ਕੀਤੀ ਸੀ ਅਤੇ ਅਸੀਂ ਉਸ ਥਾਂ ਅਤੇ ਉਸ ਘਰ ਵਿਚ 2 ਮਹੀਨੇ ਤੋਂ ਵੱਧ ਸਮੇਂ ਤੱਕ ਸ਼ੂਟਿੰਗ ਕੀਤੀ।
ਆਮਿਰ ਖਾਨ ਨੇ ਅੱਗੇ ਕਿਹਾ ਕਿ ਤੁਹਾਨੂੰ ਇਸ ਗੱਲ ਦਾ ਯਕੀਨ ਨਹੀਂ ਹੋਵੇਗਾ ਪਰ ਜਦੋਂ ਮੈਂ ਉਥੇ ਸਵੇਰੇ 5 ਜਾਂ 6 ਵਜੇ ਪਹੁੰਚਦਾ ਸੀਤਾਂ ਉਥੋਂ ਦੇ ਲੋਕ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਕਹਿ ਕੇ ਮੇਰਾ ਸਵਾਗਤ ਕਰਨ ਲਈ ਆਪਣੇ ਘਰਾਂ ਦੇ ਬਾਹਰ ਖੜ੍ਹੇ ਹੁੰਦੇ ਸੀ। ਉਨ੍ਹਾਂ ਕਦੇ ਮੈਨੂੰ ਪ੍ਰੇਸ਼ਾਨ ਨਹੀਂ ਕੀਤਾ। ਕਦੇ ਮੇਰੀ ਕਾਰ ਨਹੀਂ ਰੋਕੀ, ਮੇਰੇ ਪੈਕਅੱਪ ਦੇ ਬਾਅਦ ਜਦੋਂ ਮੈਂ ਵਾਪਸ ਪਰਤਦਾ ਤਾਂ ਫਿਰ ਤੋਂ ਆਪਣੇ ਘਰਾਂ ਦੇ ਬਾਹਰ ਖੜ੍ਹੇ ਹੁੰਦੇ ਤੇ ਮੈਨੂੰ ‘ਗੁੱਡ ਨਾਈਟ’ ਕਹਿੰਦੇ ਸਨ। ਆਮਿਰ ਖਾਨ ਨੇ ਦੱਸਿਆ ਕਿ ਮੁਸਲਿਮ ਹੋਣ ਦੇ ਨਾਤੇ ਉਨ੍ਹਾਂ ਨੂੰ ਹਮੇਸ਼ਾ ਤੋਂ ਆਦਾਬ ਕਹਿਣ ਦੀ ਆਦਤ ਹੈ ਪਰ ਪੰਜਾਬ ਵਿਚ ਦੋ ਮਹੀਨੇ ਦੀ ਸ਼ੂਟਿੰਗ ਕਰਨ ਦੇ ਬਾਅਦ ਉਨ੍ਹਾਂ ਨੂੰ ਨਮਸਤੇ ਦੀ ਤਾਕਤ ਦਾ ਅਹਿਸਾਸ ਹੋਇਆ। ਉਨ੍ਹਾਂ ਕਿਹਾ ਕਿ ਮੈਂ ਇਕ ਮੁਸਲਿਮ ਪਰਿਵਾਰ ਤੋਂ ਹਾਂ, ਮੈਨੂੰ ਨਮਸਤੇ ਵਿਚ ਹੱਥ ਜੋੜਨ ਦੀ ਆਦਤ ਨਹੀਂ ਹੈ ਪਰ ਪੰਜਾਬ ਵਿਚ ਰਹਿ ਕੇ ਮੈਨੂੰ ਇਸ ਦੀ ਤਾਕਤ ਪਤਾ ਲੱਗੀ। ਪੰਜਾਬ ਵਿਚ ਲੋਕ ਹਰ ਕਿਸੇ ਦਾ ਬਹੁਤ ਸਨਮਾਨ ਕਰਦੇ ਹਨ ਤੇ ਉਨ੍ਹਾਂ ਵਿਚ ਭੇਦਭਾਵ ਦੀ ਭਾਵਨਾ ਨਹੀਂ ਹੈ।