ਨਵੀਂ ਦਿੱਲੀ: ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਅਮਰੀਕਾ ਇਕ ਸੁਰੱਖਿਅਤ ਦੇਸ਼ ਹੈ ਅਤੇ ਉਹ ਭਾਰਤੀ ਵਿਦਿਆਰਥੀਆਂ ਦੀ ਬਹੁਤ ਦੇਖਭਾਲ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਜਦੋਂ ‘ਉਨ੍ਹਾਂ ਦੇ ਬੱਚੇ ਅਮਰੀਕਾ ’ਚ ਹੁੰਦੇ ਹਨ ਤਾਂ ਉਹ ਸਾਡੇ ਬੱਚੇ ਹੁੰਦੇ ਹਨ।’ ਗਾਰਸੇਟੀ ਦੀ ਇਹ ਟਿਪਣੀ ਇਸ ਸਾਲ ਜਨਵਰੀ ਤੋਂ ਅਮਰੀਕਾ ਵਿਚ ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਦੀਆਂ ਰੀਪੋਰਟਾਂ ਦੇ ਵਿਚਕਾਰ ਆਈ ਹੈ। ਅਮਰੀਕਾ ਭਾਰਤੀ ਵਿਦਿਆਰਥੀਆਂ ਵਿਚ ਉੱਚ ਸਿੱਖਿਆ ਲਈ ਤਰਜੀਹੀ ਸਥਾਨ ਬਣਿਆ ਹੋਇਆ ਹੈ ਪਰ ਹਾਲ ਹੀ ਦੀਆਂ ਘਟਨਾਵਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਲ-ਨਾਲ ਭਾਰਤੀ ਆਬਾਦੀ ਵਿਚ ਚਿੰਤਾਵਾਂ ਪੈਦਾ ਕਰ ਦਿਤੀਆਂ ਹਨ।
ਗਾਰਸੇਟੀ ਨੇ ਅਮਰੀਕੀ ਸੈਂਟਰ ਨੂੰ ਦਿਤੇ ਇੰਟਰਵਿਊ ’ਚ ਕਿਹਾ, ‘‘ਅਸੀਂ ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਦੀ ਬਹੁਤ ਪਰਵਾਹ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮਾਪੇ ਜਾਣਨ ਕਿ ਜਦੋਂ ਉਨ੍ਹਾਂ ਦੇ ਬੱਚੇ ਅਮਰੀਕਾ ’ਚ ਹੁੰਦੇ ਹਨ ਤਾਂ ਉਹ ਸਾਡੇ ਬੱਚੇ ਹੁੰਦੇ ਹਨ। ਉੱਥੇ ਬਹੁਤ ਸਾਰੇ ਸਰੋਤ ਹਨ ਜੋ ਵਿਦਿਆਰਥੀਆਂ ਨੂੰ ਇਹ ਤਿਆਰ ਕਰਨ ’ਚ ਮਦਦ ਕਰ ਸਕਦੇ ਹਨ ਕਿ ਕੀ ਇਹ ਮਾਨਸਿਕ ਸਿਹਤ ਦਾ ਮਾਮਲਾ ਹੈ।’’ ਪਿਛਲੇ ਕੁੱਝ ਮਹੀਨਿਆਂ ’ਚ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਜ਼ਾਹਰ ਕਰਦਿਆਂ ਭਾਰਤ ’ਚ ਅਮਰੀਕੀ ਰਾਜਦੂਤ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਇਕ ਸੁਰੱਖਿਅਤ ਦੇਸ਼ ਹੈ।
ਗਾਰਸੇਟੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਵਿਦੇਸ਼ਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਲੋਕਾਂ ਨਾਲ ਜੁੜਨ, ਉੱਥੇ ਭਰੋਸੇਮੰਦ ਦੋਸਤ ਰੱਖਣ ਅਤੇ ਖਤਰਨਾਕ ਸਥਿਤੀ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਨੂੰ ਕੋਈ ਮਾਨਸਿਕ ਸਿਹਤ ਸਮੱਸਿਆ ਹੈ ਤਾਂ ਕੀ ਕਰਨਾ ਹੈ। ਅਮਰੀਕੀ ਰਾਜਦੂਤ ਨੇ ਕਿਹਾ ਕਿ ਅਮਰੀਕਾ ਵਿਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਦੀ ਸੁਰੱਖਿਆ ਦੇ ਸਥਾਨਕ ਕਾਨੂੰਨਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇਹ ਸਾਰੀਆਂ ਚੀਜ਼ਾਂ ਕਈ ਵਾਰ ਵਿਦਿਆਰਥੀਆਂ ਨੂੰ ਨਹੀਂ ਪਤਾ ਹੁੰਦੀਆਂ ਕਿਉਂਕਿ ਉਨ੍ਹਾਂ ਕੋਲ ਇਕ ਨਵਾਂ ਦੇਸ਼ ਹੁੰਦਾ ਹੈ।’’
ਲਾਸ ਏਂਜਲਸ ਦੇ ਸਾਬਕਾ ਮੇਅਰ ਗਾਰਸੇਟੀ ਨੇ ਵੀ ਪੜ੍ਹਾਈ ਦੌਰਾਨ ਨਿੱਜੀ ਸੁਰੱਖਿਆ ਦੇ ਅਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ, ‘‘ਜਦੋਂ ਮੈਂ ਇਕ ਵਿਦਿਆਰਥੀ ਸੀ ਤਾਂ ਮੈਂ 1980 ਦੇ ਦਹਾਕੇ ’ਚ ਨਿਊਯਾਰਕ ਗਿਆ ਸੀ ਜੋ ਉਸ ਸਮੇਂ ਬਹੁਤ ਖਤਰਨਾਕ ਸ਼ਹਿਰ ਸੀ। ਮੈਂ ਕੈਂਪਸ ਵਿਚ ਸੁਰੱਖਿਆ ਬਾਰੇ ਸੁਣਿਆ ਸੀ ਕਿ ‘ਰਾਤ ਨੂੰ ਇੱਥੇ ਨਾ ਜਾਓ, ਉਥੇ ਨਾ ਜਾਓ‘। ਇਹ ਸੱਭ ਮੋਬਾਈਲ ਫੋਨ ਆਉਣ ਤੋਂ ਪਹਿਲਾਂ ਹੋਇਆ ਸੀ। ਹੁਣ 2024 ’ਚ ਸਾਡੇ ਕੋਲ ਉਸ ਸਮੇਂ ਨਾਲੋਂ ਬਹੁਤ ਜ਼ਿਆਦਾ ਸਰੋਤ ਹਨ।’’
ਪਰਡਿਊ ਯੂਨੀਵਰਸਿਟੀ, ਵਰਜੀਨੀਆ ਯੂਨੀਵਰਸਿਟੀ, ਪੈਨਸਿਲਵੇਨੀਆ ਯੂਨੀਵਰਸਿਟੀ, ਕਾਰਨੇਲ ਯੂਨੀਵਰਸਿਟੀ ਅਤੇ ਲਾਸ ਏਂਜਲਸ ਯੂਨੀਵਰਸਿਟੀ ਵਰਗੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਲਈ ਚੁਣੇ ਗਏ ਭਾਰਤੀ ਵਿਦਿਆਰਥੀਆਂ ਦੇ ਇਕ ਸਮੂਹ ਲਈ ਅਮਰੀਕਨ ਸੈਂਟਰ ਵਿਚ ਇਕ ਪ੍ਰੀ-ਰਵਾਨਗੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਬਹੁਤ ਸਾਰੇ ਵਿਦਿਆਰਥੀ ਆਨਲਾਈਨ ਵੀ ਇਸ ਸਮਾਗਮ ’ਚ ਸ਼ਾਮਲ ਹੋਏ।