ਮਿਹਨਤ ਅੱਗੇ ਹੱਦਾਂ ਸਰਹੱਦਾਂ ਵੀ ਰੁਕਾਵਟ ਨਹੀਂ ਬਣ ਸਕਦੀਆਂ ਹਨ। ਇਸ ਕਹਾਵਤ ਨੂੰ ਇਥੋਂ ਦੇ ਖਿੱਪਲ ਪਰਵਾਰ ਦੇ ਹੋਣਹਾਰ ਨੌਜਵਾਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਜਾ ਕੇ ਸੱਚ ਕਰ ਵਿਖਾਇਆ ਹੈ, ਜਿਸ ਕਾਰਨ ਅਪਣੀ ਕਾਬਲੀਅਤ ਸਦਕਾ ‘ਖਿੱਪਲ’ ਅੱਜ-ਕਲ ਵਿਦੇਸ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਹੈ। ਰਾਮਪੁਰਾ ਫੂਲ (ਬਠਿੰਡਾ) ਦੇ ਭਾਰਤੀਆ ਮਾਡਲ ਸਕੂਲ ਤੋਂ ਦਸਵੀਂ ਬਾਰ੍ਹਵੀਂ ਤੇ ਗਰੈਜੂਏਸ਼ਨ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਤੋਂ ਅੰਤਰਰਾਸ਼ਟਰੀ ਬਿਜਨਸ ਵਿਚ ਐਮਬੀਏ ਕਰ ਕੇ ਪਰਵਾਰ ਸਮੇਤ ਹੈਮਿਲਟਨ (ਨਿਊਜ਼ੀਲੈਂਡ) ਜਾ ਵਸੇ ਅਮਰਿੰਦਰ ਨੇ ਮਿਹਨਤ ਮੁਸ਼ੱਕਤ ਨੂੰ ਤਰਜੀਹ ਦਿਤੀ। ਪੁਲਿਸ ਵਿਭਾਗ ਵਿਚ ਬਤੌਰ ਕਸਟੱਡੀ ਅਫ਼ਸਰ ਪਦ ਉੱਨਤ ਹੋ ਕੇ ਬਾਖੂਬੀ ਸੇਵਾਵਾਂ ਦਿਤੀਆਂ ਤਾਂ ਉਥੋਂ ਦੀਆਂ ਅਖ਼ਬਾਰਾਂ ਵਿਚ ਅਮਰਿੰਦਰ ਖਿੱਪਲ ਦਾ ਨਾਮ ਚਮਕਿਆ।
ਜਾਣਕਾਰੀ ਅਨੁਸਾਰ ਬਤੌਰ ਕਸਟੱਡੀ ਅਫ਼ਸਰ ਇਸ ਪੰਜਾਬੀ ਨੌਜਵਾਨ ਨੇ ਅਪਰਾਧ ਨਾਲ ਜੁੜੇ ਵਿਅਕਤੀਆਂ ਦੀ ਅਜਿਹੀ ਕੌਂਸਲਿੰਗ ਕੀਤੀ ਕਿ ਉਨ੍ਹਾਂ ਅਪਰਾਧ ਦੀ ਕੜੀ ਤੋੜਨ ਦਾ ਕੰਮ ਕੀਤਾ। ਅਮਰਿੰਦਰ ਉਕਤ ਕੰਮ ਅਪਣੇ ਗੁਰੂਆਂ ਦੀ ਸਿਖਿਆ ‘ਸਰਬੱਤ ਦਾ ਭਲਾ’ ਨੂੰ ਲੜ ਬੰਨ੍ਹ ਉਥੋਂ ਦੇ ਕਥਿਤ ਮੁਲਜ਼ਮਾਂ ਦੇ ਪਰਵਾਰ, ਵਪਾਰ ਤੇ ਕੰਮਕਾਜ ਆਦਿ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕਾਊਂਸਲਿੰਗ ਕਰਦਾ ਹੈ। ਨਤੀਜੇ ਸਾਰਥਕ ਆਉਣ ਲੱਗੇ ਤਾਂ ਨਿਊਜ਼ੀਲੈਂਡ ਦੀਆਂ ਅਖ਼ਬਾਰਾਂ ਵਿਚ ਪੰਜਾਬੀ ਨੌਜਵਾਨ ਸੁਰਖੀਆਂ ਵਿਚ ਆਇਆ।