ਜਸਵਿੰਦਰ ਭੱਲਾ (ਜਨਮ 4 ਮਈ 1960, ਪਿੰਡ ਕੱਦੋਂ, ਲੁਧਿਆਣਾ, ਪੰਜਾਬ) ਇੱਕ ਪੰਜਾਬੀ ਅਭਿਨੇਤਾ, ਕਾਮੇਡੀਅਨ ਅਤੇ ਲੇਖਕ ਸਨ, ਜੋ ਪੰਜਾਬੀ ਸਿਨੇਮਾ ਅਤੇ ਮਨੋਰੰਜਨ ਜਗਤ ਵਿੱਚ ਮਸ਼ਹੂਰ ਸਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ “ਛਣਕਾਟਾ- 88” ਨਾਮਕ ਕਾਮੇਡੀ ਆਡੀਓ ਕੈਸੇਟ ਨਾਲ਼ ਕੀਤੀ, ਜੋ ਉਹਨਾਂ ਨੇ ਬਾਲ ਮੁਕੰਦ ਸ਼ਰਮਾ ਨਾਲ ਮਿਲ਼ ਕੇ ਬਣਾਈ। ਇਹ ਸੀਰੀਜ਼ ਬਹੁਤ ਪ੍ਰਸਿੱਧ ਹੋਈ ਅਤੇ ਉਹਨਾਂ ਨੇ 27 ਤੋਂ ਵੱਧ ਆਡੀਓ ਅਤੇ ਵੀਡੀਓ ਐਲਬਮਾਂ ਜਾਰੀ ਕੀਤੀਆਂ।
ਜਸਵਿੰਦਰ ਭੱਲਾ ਦਾ ਜਨਮ ਲੁਧਿਆਣਾ ਵਿੱਚ ਹੋਇਆ। ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਬਰਮਾਲੀਪੁਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਧਿਆਪਕ ਸਨ। ਉਹਨਾਂ ਦੀ ਪਤਨੀ ਪਰਮਿੰਦਰ ਭੱਲਾ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਇੱਕ ਪੁੱਤਰ ਪੁਖਰਾਜ ਭੱਲਾ ਅਤੇ ਇੱਕ ਧੀ ਅਸ਼ਪ੍ਰੀਤ ਕੌਰ ਹੈ।
ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਬੀ.ਐਸਸੀ. ਅਤੇ ਐਮ.ਐਸਸੀ. ਕੀਤੀ। ਉਹਨਾਂ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ, ਮੇਰਠ ਤੋਂ ਖੇਤੀਬਾੜੀ ਵਿਗਿਆਨ ਵਿੱਚ ਪੀਐਚ.ਡੀ. ਹਾਸਲ ਕੀਤੀ। ਉਹ ਕੁਝ ਸਮੇਂ ਲਈ PAU ਵਿੱਚ ਫੈਕਲਟੀ ਮੈਂਬਰ ਵੀ ਰਹੇ।
ਜਸਵਿੰਦਰ ਭੱਲਾ ਨੇ 1975 ਵਿੱਚ ਆਲ ਇੰਡੀਆ ਰੇਡੀਓ (AIR) ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਪ੍ਰਸਿੱਧੀ “ਛਣਕਾਟਾ” ਸੀਰੀਜ਼ ਨਾਲ ਵਧੀ, ਜਿਸ ਵਿੱਚ ਉਹ ਚਾਚਾ ਚਤਰ ਸਿੰਘ, ਭਾਨਾ (ਐਨ.ਆਰ.ਆਈ.), ਜੇ.ਬੀ., ਅਤੇ ਤਾਇਆ ਫੁੰਮਣ ਸਿੰਘ ਵਰਗੇ ਕਿਰਦਾਰ ਨਿਭਾਉਂਦੇ ਹਨ। ਇਹ ਸੀਰੀਜ਼ ਪੰਜਾਬੀ ਸੱਭਿਆਚਾਰ, ਰਾਜਨੀਤੀ ਅਤੇ ਪੇਂਡੂ-ਸ਼ਹਿਰੀ ਜੀਵਨ ਦੇ ਅੰਤਰਾਂ ‘ਤੇ ਹਾਸੇ-ਮਜ਼ਾਕ ਨੂੰ ਪੇਸ਼ ਕਰਦੀ ਹੈ।
ਉਹਨਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫਿਲਮ “ਦੁੱਲਾ ਭੱਟੀ” ਨਾਲ ਕੀਤੀ। ਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:
ਕੈਰੀ ਆਨ ਜੱਟਾ (2012, 2018, 2023)
ਜੱਟ ਐਂਡ ਜੂਲੀਅਟ (2012)
ਰੰਗੀਲੇ (2013)
ਸਰਦਾਰ ਜੀ (2015)
ਸ਼ਿੰਦਾ ਸ਼ਿੰਦਾ ਨੋ ਪਾਪਾ (2024)
ਫੇਰ ਮਮਲਾ ਗੜਬੜ ਹੈ (2024)
ਹੋਰ ਬਹੁਤ …
ਉਹਨਾਂ ਨੇ “ਨੌਟੀ ਬਾਬਾ ਇਨ ਟਾਊਨ” ਵਰਗੇ ਸਟੇਜ ਸ਼ੋਅ ਕੀਤੇ ਅਤੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਦੌਰੇ ਵੀ ਕੀਤੇ।
ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ਼ ਹੋਇਆ, ਜੋ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਕੁਝ “ਛਣਕਾਟਾ” ਕੈਸੇਟਾਂ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਹਨਾਂ ਦੀ ਧੀ ਅਸ਼ਪ੍ਰੀਤ ਕੌਰ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ।
ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀਆਂ ਹਾਸਰਸ ਭਰਪੂਰ ਭੂਮਿਕਾਵਾਂ ਅਤੇ ਕਾਮੇਡੀ ਸੀਰੀਜ਼ “ਛਣਕਾਟਾ” ਲਈ ਵਿਸ਼ੇਸ਼ ਤੌਰ ‘ਤੇ ਜਾਣਿਆ ਜਾਂਦਾ ਹੈ। ਉਹਨਾਂ ਨੇ ਪੰਜਾਬੀ ਮਨੋਰੰਜਨ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ।
ਅਲਵਿਦਾ !!!!! ਜਸਵਿੰਦਰ ਭੱਲਾ ਜੀ
-ਪਾਲੀ ਖ਼ਾਦਿਮ