ਫਰੀਦਕੋਟ ਵਿੱਚ ਹੋਈ ਮੀਟਿੰਗ; ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 26 ਨਵੰਬਰ ਨੂੰ ਹੋ ਸਕਦਾ ਹੈ ਐਲਾਨ
ਚੰਡੀਗੜ੍ਹ,23 ਨਵਬੰਰ ( ਕੁਲਵਿੰਦਰ ਸਿੰਘ ਚੰਦੀ) :- ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਨਵਾਂ ਗੱਠਜੋੜ ਹੋ ਸਕਦਾ ਹੈ। ਇਸ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਿਸ ਪੰਜਾਬ ਦੇ’ ਦਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਚੋਣ ਗੱਠਜੋੜ ਲਗਪਗ ਤੈਅ ਹੋ ਗਿਆ ਹੈ ਜਿਸ ਦਾ ਰਸਮੀ ਐਲਾਨ ਫਿਲੌਰ ਵਿਚ 26 ਨਵੰਬਰ ਨੂੰ ਹੋਣ ਵਾਲੀ ਬਸਪਾ ਦੀ ਰੈਲੀ ਵਿਚ ਕੀਤਾ ਜਾ ਸਕਦਾ ਹੈ। ਇਨ੍ਹਾਂ ਪਾਰਟੀਆਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਬਾਰੇ ਸਹਿਮਤੀ ਬਣ ਗਈ ਹੈ ਅਤੇ ਗੱਠਜੋੜ ਸਬੰਧੀ ਗੱਲਬਾਤ ਵੀ ਮੁਕੰਮਲ ਹੋ ਚੁੱਕੀ ਹੈ। ਇਸ ਦਾ ਰਸਮੀ ਐਲਾਨ ਜਲਦ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਸਬੰਧੀ ਫਰੀਦਕੋਟ ਵਿਚ ਵਾਰਿਸ ਪੰਜਾਬ ਦੇ ਆਗੂਆਂ ਦੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਆਗਾਮੀ ਚੋਣਾਂ ਵਿੱਚ ਇਕੱਠਿਆਂ ਉਤਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
2027 ਦੀਆਂ ਚੋਣਾਂ ਲਈ ਨਵੇਂ ਸਿਆਸੀ ਸਮੀਕਰਨ
ਇਸ ਸੰਭਾਵੀ ਗੱਠਜੋੜ ਨੂੰ ਪੰਜਾਬ ਦੀ ਸਿਆਸਤ ਵਿੱਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਨੇ ਪੰਜਾਬ ਵਿਚ ਸਿਆਸੀ ਆਧਾਰ ਬਣਾ ਲਿਆ ਹੈ ਤੇ ਇਸ ਪਾਰਟੀ ਨਾਲ ਗਰਮਖਿਆਲੀ ਸੋਚ ਰੱਖਣ ਵਾਲਾ ਵਰਗ ਤੇਜ਼ੀ ਨਾਲ ਜੁੜ ਰਿਹਾ ਹੈ। ਇਸ ਤੋਂ ਇਲਾਵਾ ਬਸਪਾ ਦਾ ਪੰਜਾਬ ਵਿੱਚ ਦਲਿਤ ਭਾਈਚਾਰੇ ਵਿੱਚ ਆਧਾਰ ਹੈ, ਜਦੋਂਕਿ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਕਰ ਰਿਹਾ ਹੈ। ਦੋਵਾਂ ਪਾਰਟੀਆਂ ਦੇ ਇਕੱਠੇ ਆਉਣ ਨਾਲ ਆਗਾਮੀ ਚੋਣਾਂ ਵਿੱਚ ਨਵੇਂ ਸਿਆਸੀ ਸਮੀਕਰਨ ਬਣ ਸਕਦੇ ਹਨ।
ਜ਼ਿਕਰਯੋਗ ਹੈ ਕਿ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ, ਪੰਥਕ ਸੰਸਥਾਵਾਂ ਅਤੇ ਹੋਰ ਸੰਗਠਨਾਂ ਨਾਲ ਮਿਲ ਕੇ ਸਾਂਝਾ ਪੰਜਾਬ ਮੋਰਚਾ ਬਣਾਉਣ ਵਿੱਚ ਵੀ ਭੂਮਿਕਾ ਨਿਭਾਈ ਸੀ। ਇਸ ਮੋਰਚੇ ਨੇ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕੀਤਾ ਸੀ।
ਬਸਪਾ ਨਾਲ ਸੰਭਾਵੀ ਗੱਠਜੋੜ ਮਗਰੋਂ ਪੰਜਾਬ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਦੀਆਂ ਚੋਣ ਤਿਆਰੀਆਂ ਅਤੇ ਗੱਠਜੋੜਾਂ ਉੱਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਹਾਲਾਂਕਿ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਅਤੇ ਸਾਂਝੀ ਚੋਣ ਰਣਨੀਤੀ ਬਾਰੇ ਅਜੇ ਕੋਈ ਵੇਰਵਾ ਸਾਹਮਣੇ ਨਹੀਂ ਆਇਆ।














