ਟੋਰਾਂਟੋ (ਬਲਜਿੰਦਰ ਸੇਖਾ) : ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਹਵਾਈ ਆਵਾਜਾਈ ਵਿੱਚ ਵੱਡੀ ਰੁਕਾਵਟ ਪੈਦਾ ਹੋ ਗਈ, ਜਦੋਂ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਅਗਲੇ ਹੁਕਮਾਂ ਤੱਕ ਰੋਕਣ ਦੇ ਆਦੇਸ਼ ਜਾਰੀ ਕਰ ਦਿੱਤੇ।
FAA ਨੇ ਇਹ ਕਦਮ ਅਸਾਧਾਰਨ ਹਾਲਾਤ ਅਤੇ ਹਵਾਈ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਅਨੁਸਾਰ, ਸਾਰੇ ਏਅਰ ਰੂਟ ਟ੍ਰੈਫਿਕ ਕੰਟਰੋਲ ਸੈਂਟਰਾਂ ਵਿੱਚ ਸੰਚਾਰ ਪ੍ਰਣਾਲੀ ਨਾਲ ਜੁੜੀ ਸਮੱਸਿਆ ਆਈ ਸੀ।
FAA ਦੇ ਤਕਨੀਕੀ ਮਾਹਿਰ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਜੁਟੇ ਹੋਏ ਸਨ। ਇਸ ਦੌਰਾਨ ਹਵਾ ਵਿੱਚ ਮੌਜੂਦ ਜਹਾਜ਼ਾਂ ਨੂੰ ਸੁਰੱਖਿਅਤ ਉਤਾਰਨ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਵੱਖਰੇ ਤੌਰ ’ਤੇ ਸੰਭਾਲਣ ਦੀ ਵਿਵਸਥਾ ਕੀਤੀ ਗਈ।
ਹੋਮਲੈਂਡ ਸਕਿਉਰਿਟੀ ਸਕੱਤਰ ਮਾਰਕਵੇਨ ਮਲਿਨ ਨੇ ਕਿਹਾ ਕਿ ਫਿਲਹਾਲ ਕਿਸੇ ਅੱਤਵਾਦੀ ਹਮਲੇ ਜਾਂ ਦੇਸ਼ ਵਿਰੁੱਧ ਕਿਸੇ ਸਾਜ਼ਿਸ਼ ਦਾ ਸੰਕੇਤ ਨਹੀਂ ਮਿਲਿਆ। ਮੁੱਢਲੀ ਜਾਣਕਾਰੀ ਅਨੁਸਾਰ ਇਹ ਦੂਰਸੰਚਾਰ ਪ੍ਰਣਾਲੀ ਵਿੱਚ ਆਈ ਖਰਾਬੀ ਸੀ।
ਇਸ ਘਟਨਾ ਕਾਰਨ ਅਮਰੀਕਾ ਦੇ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਅਤੇ ਕਈ ਉਡਾਣਾਂ ਵਿੱਚ ਦੇਰੀ ਤੇ ਰੱਦ ਹੋਣ ਦੀ ਸਥਿਤੀ ਬਣੀ।














