ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ ਗਿਆ। ਇੱਥੇ ਵੀ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਵਰਗਾ ਹਾਦਸਾ ਟਲ ਗਿਆ। ਹੀਰਾਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਰਮੀਨਲ ਦੇ ਬਾਹਰ ਯਾਤਰੀ ਪਿਕਅਪ-ਡ੍ਰੌਪ ਖੇਤਰ ਦੇ ਉੱਪਰ ਦੀ ਛੱਤ ਡਿੱਗ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀਐਮ ਮੋਦੀ ਨੇ ਜੁਲਾਈ 2023 ਵਿੱਚ ਰਾਜਕੋਟ ਏਅਰਪੋਰਟ ਦੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਕੀਤਾ ਸੀ। ਇਸ ਹਵਾਈ ਅੱਡੇ ਦਾ 1400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਸਤਾਰ ਕੀਤਾ ਗਿਆ ਸੀ।
ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ‘ਤੇ ਇਸੇ ਤਰ੍ਹਾਂ ਦੀ ਘਟਨਾ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ ਸੀ ਅਤੇ ਕੁਝ ਹੋਰ ਜ਼ਖਮੀ ਹੋ ਗਏ ਸਨ। ਮੌਸਮ ਵਿਭਾਗ ਦੇ ਅਨੁਸਾਰ, ਇੱਕ ਚੱਕਰਵਾਤੀ ਪ੍ਰਣਾਲੀ ਦੱਖਣੀ ਗੁਜਰਾਤ ਵਿੱਚ ਸਰਗਰਮ ਹੈ, ਜਿਸ ਕਾਰਨ ਰਾਜ ਦੇ ਕੁਝ ਹਿੱਸਿਆਂ ਵਿੱਚ ਵਿਆਪਕ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਅਗਲੇ ਪੰਜ ਦਿਨਾਂ ਤੱਕ ਬਰਸਾਤ ਦਾ ਦੌਰ ਜਾਰੀ ਰਹੇਗਾ। ਆਈਐਮਡੀ ਨੇ ਦੱਖਣੀ ਗੁਜਰਾਤ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ।