ਨਵੀਂ ਦਿੱਲੀ: ਭਿਆਨਕ ਟਰਬੂਲੈਂਸ ਦਾ ਸ਼ਿਕਾਰ ਹੋਏ ਏਅਰ ਇੰਡੀਆਂ ਜਹਾਜ਼ ਦੇ ਸੁਰੱਖਿਅਤ ਲੈਂਡ ਹੋਣ ਤੋਂ ਬਾਅਦ ਯਾਤਰੀਆਂ ਨੇ ਆਪਣੇ ਡਰਾਉਣੇ ਤਜਰਬੇ ਸਾਂਝੇ ਕੀਤੇ। ਦਿੱਲੀ ਦੇ IGI ਹਵਾਈ ਅੱਡੇ ‘ਤੇ ਵ੍ਹੀਲਚੇਅਰ ਰਾਹੀਂ ਬਾਹਰ ਲਿਆਂਦੇ ਗਏ ਇੱਕ ਬਜ਼ੁਰਗ ਯਾਤਰੀ ਨੇ ਕਿਹਾ ਕਿ ਅਚਾਨਕ ਜਹਾਜ਼ ਖਿਡੌਣੇ ਵਾਂਗ ਹਵਾ ਵਿੱਚ ਡੋਲਣ ਲੱਗ ਪਿਆ ਅਤੇ ਲਗਭਗ ਦੋ ਤੋਂ ਤਿੰਨ ਮਿੰਟ ਤੱਕ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਜ਼ਿੰਦਾ ਬਚਣਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਬਹੁਤ ਸਫ਼ਰ ਕੀਤੇ ਹਨ, ਪਰ ਅਜਿਹਾ ਡਰਾਉਣਾ ਮੰਜ਼ਰ ਪਹਿਲਾਂ ਕਦੇ ਨਹੀਂ ਦੇਖਿਆ।
ਯਾਤਰੀਆਂ ਮੁਤਾਬਕ ਸਵੇਰ ਦਾ ਸਮਾਂ ਹੋਣ ਕਾਰਨ ਕਈ ਲੋਕ ਸੌਂ ਰਹੇ ਸਨ ਕਿ ਅਚਾਨਕ ਜਹਾਜ਼ ਨੂੰ ਜ਼ੋਰਦਾਰ ਝਟਕੇ ਲੱਗਣੇ ਸ਼ੁਰੂ ਹੋ ਗਏ। ਜਿਨ੍ਹਾਂ ਨੇ ਸੀਟ ਬੈਲਟ ਨਹੀਂ ਬੰਨ੍ਹੀ ਹੋਈ ਸੀ, ਉਹ ਆਪਣੀਆਂ ਸੀਟਾਂ ਤੋਂ ਉੱਛਲ ਕੇ ਜਹਾਜ਼ ਦੀ ਛੱਤ ਨਾਲ ਜਾ ਵੱਜੇ। ਸਭ ਕੁਝ ਇੰਨਾ ਤੇਜ਼ੀ ਨਾਲ ਹੋਇਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਛੱਤ ਦੇ ਪੈਨਲ ਟੁੱਟੇ, ਕਈ ਯਾਤਰੀ ਜ਼ਖ਼ਮੀ
ਯਾਤਰੀਆਂ ਨੇ ਦੱਸਿਆ ਕਿ ਝਟਕੇ ਇੰਨੇ ਤੇਜ਼ ਸਨ ਕਿ ਕੈਬਿਨ ਦੇ ਸੀਲਿੰਗ ਪੈਨਲ ਤੱਕ ਟੁੱਟ ਗਏ। ਮੋਬਾਈਲ ਫੋਨ, ਬੈਗ ਅਤੇ ਖਾਣੇ ਦੀਆਂ ਟਰੇਆਂ ਹਵਾ ਵਿੱਚ ਉੱਛਲ ਕੇ ਗਲਿਆਰੇ ਵਿੱਚ ਡਿੱਗ ਗਈਆਂ। ਇਸ ਦੌਰਾਨ ਕਈ ਲੋਕਾਂ ਦੇ ਸਿਰ, ਗਰਦਨ ਅਤੇ ਮੋਢਿਆਂ ‘ਤੇ ਸੱਟਾਂ ਲੱਗੀਆਂ। ਅਚਾਨਕ ਉਚਾਈ ਵਿੱਚ ਆਈ ਕਮੀ ਕਾਰਨ ਕੈਬਿਨ ਪ੍ਰੈਸ਼ਰ ਵੀ ਤੇਜ਼ੀ ਨਾਲ ਬਦਲਿਆ, ਜਿਸ ਨਾਲ ਕੁਝ ਯਾਤਰੀਆਂ ਦੇ ਕੰਨਾਂ ਵਿੱਚ ਤੇਜ਼ ਦਰਦ ਹੋਇਆ, ਕੁਝ ਦੇ ਕੰਨਾਂ ਵਿੱਚੋਂ ਖੂਨ ਨਿਕਲਿਆ ਅਤੇ ਕੁਝ ਨੂੰ ਸੁਣਨ ਵਿੱਚ ਦਿੱਕਤ ਆਈ। ਸਦਮੇ ਅਤੇ ਸੱਟਾਂ ਕਾਰਨ ਕੁਝ ਯਾਤਰੀ ਬੇਹੋਸ਼ ਵੀ ਹੋ ਗਏ।
ਵਿਦੇਸ਼ੀ ਯਾਤਰੀ ਨੇ ਵੀ ਬਿਆਨ ਕੀਤਾ ਡਰ
ਇਸੇ ਉਡਾਣ ਵਿੱਚ ਆਪਣੀ ਮਾਂ ਅਤੇ ਭੈਣ ਨਾਲ ਸਫ਼ਰ ਕਰ ਰਹੀ ਇਟਲੀ ਦੀ ਇੱਕ ਮਹਿਲਾ ਯਾਤਰੀ ਨੇ ਦੱਸਿਆ ਕਿ ਉਡਾਣ ਦੌਰਾਨ ਸਭ ਕੁਝ ਆਮ ਸੀ, ਪਰ ਅਚਾਨਕ ਜਹਾਜ਼ ਨੂੰ ਜ਼ੋਰਦਾਰ ਝਟਕੇ ਲੱਗਣੇ ਸ਼ੁਰੂ ਹੋ ਗਏ। ਉਸ ਨੇ ਦੱਸਿਆ ਕਿ ਉਸ ਦੀ ਭੈਣ ਸੀਟ ਤੋਂ ਉੱਛਲ ਕੇ ਛੱਤ ਨਾਲ ਟਕਰਾ ਗਈ, ਜਦਕਿ ਮਾਂ ਦੇ ਸਿਰ ‘ਤੇ ਸੱਟ ਲੱਗੀ। ਉਸ ਦਾ ਫੋਨ ਵੀ ਹੱਥੋਂ ਛੁੱਟ ਕੇ ਦੂਰ ਜਾ ਡਿੱਗਿਆ। ਉਸ ਦੇ ਪਿੱਛੇ ਬੈਠੇ ਯਾਤਰੀ ਦਾ ਚਿਹਰਾ ਖੂਨ ਨਾਲ ਲੱਥਪੱਥ ਸੀ ਅਤੇ ਹਰ ਪਾਸੇ ਚੀਕਾਂ ਸੁਣਾਈ ਦੇ ਰਹੀਆਂ ਸਨ।
ਐਮਰਜੈਂਸੀ ਲੈਂਡਿੰਗ ‘ਤੇ ਚੁੱਕੇ ਸਵਾਲ
ਇੱਕ ਹੋਰ ਯਾਤਰੀ ਨੇ ਦਾਅਵਾ ਕੀਤਾ ਕਿ ਘਟਨਾ ਦੌਰਾਨ ਪਾਇਲਟ ਵਾਰ-ਵਾਰ ਪੰਜ ਮਿੰਟ ਵਿੱਚ ਲੈਂਡਿੰਗ ਦੀ ਗੱਲ ਕਰਦਾ ਰਿਹਾ, ਪਰ ਲੈਂਡਿੰਗ ਵਿੱਚ ਕਾਫ਼ੀ ਸਮਾਂ ਲੱਗ ਗਿਆ। ਉਸ ਨੇ ਕਿਹਾ ਕਿ ਇਸ ਦੌਰਾਨ ਇੱਕ ਬੱਚਾ ਆਪਣੀ ਸੀਟ ਤੋਂ ਉੱਛਲ ਕੇ ਕਈ ਕਤਾਰਾਂ ਅੱਗੇ ਜਾ ਡਿੱਗਿਆ। ਯਾਤਰੀ ਨੇ ਸਵਾਲ ਚੁੱਕਿਆ ਕਿ ਟਰਬੂਲੈਂਸ ਤੋਂ ਤੁਰੰਤ ਬਾਅਦ ਐਮਰਜੈਂਸੀ ਲੈਂਡਿੰਗ ਕਿਉਂ ਨਹੀਂ ਕਰਵਾਈ ਗਈ ਅਤੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਹੇ ਹਨ।














